ਜਸਵੀਰ ਸਿੰਘ ਭੁੱਲਰ
ਦੋਦਾ, 30 ਅਕਤੂਬਰ
ਕੇਂਦਰ ਅਤੇ ਪੰਜਾਬ ਸਰਕਾਰ ਨੇ ਸਵੱਛ ਭਾਰਤ ਦਾ ਰੱਜ ਕੇ ਢੰਡੋਰਾ ਪਿੱਟਿਆ ਅਤੇ ਕਰੋੜਾਂ ਰੁਪਏ ਖਰਚ ਵੀ ਕੀਤੇ। ਮੰਤਰੀਆਂ ਤੋਂ ਲੈ ਕੇ ਪ੍ਰਸ਼ਾਸਨ ਅਧਿਕਾਰੀ ਵੀ ਝਾੜੂ ਚੁੱਕ ਕੇ ਮੀਡੀਆਂ ਦੀਆਂ ਸੁਰਖੀਆਂ ਬਟੋਰਦੇ ਰਹੇ। ਸਵੱਛ ਭਾਰਤ ਦੋਦਾ ਤੋਂ ਪਾਸੇ ਦੀ ਹੋ ਕੇ ਹੀ ਲੰਘ ਗਿਆ ਲੱਗਦਾ ਹੈ ਪਰ ਇਥੇ ਪਏ ਗੰਦ ਦੀ ਕਿਸੇ ਪੰਚਾਇਤੀ ਆਗੂ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰ ਨਹੀਂ ਲਈ। 15 ਹਜ਼ਾਰ ਤੋਂ ਵੱਧ ਅਬਾਦੀ ਵਾਲੇ ਪਿੰਡ ਦੇ ਜਲਘਰ ਦੀਆਂ ਦੀਵਾਰਾਂ ਨਾਲ ਨਾਜਾਇਜ਼ ਢੰਗ ਨਾਲ ਲਾਈਆਂ ਰੂੜੀਆਂ ਜੋ ਜਲਘਰ ਦਾ ਵਾਤਾਵਰਨ ਤੇ ਪਾਣੀ ਵੀ ਪ੍ਰਦੂਸ਼ਿਤ ਕਰ ਰਹੀਆਂ ਹਨ ਅਤੇ ਇਹ ਰੂੜੀਆਂ ਇਥੋਂ ਦੀ ਦਾਣਾ ਮੰਡੀ ਦੇ ਮੁੱਖ ਗੇਟ ਦੇ ਨੱਕ ਥੱਲੇ ਹੋਣ ਕਰਕੇ ਵੀ ਲੋਕਾਂ ਨੂੰ ਮੂੰਹ ਚਿੜ੍ਹਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਰੂੜੀਆਂ ਤੋਂ ਜਿਥੇ ਕਿਸਾਨਾਂ ਨੂੰ ਆਪਣੀ ਜਿਣਸ ਮੰਡੀ ਵਿਚ ਲੈ ਕੇ ਆਉਣ ਸਮੇਂ ਭਾਰੀ ਦਿੱਕਤ ਆ ਰਹੀ ਹੈ, ਉਥੇ ਦੂਜੇ ਪਾਸੇ ਰਾਹਗੀਰਾਂ ਲਈ ਵੀ ਪ੍ਰਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ। ਇਥੇ ਪੰਚਾਇਤੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਸ ਪਾਸੇ ਧਿਆਨ ਦੇ ਕੇ ਗੰਦ ਦੇ ਢੇਰ ਪਾਸ ਹਟਵਾਉਣ।