ਖੇਤਰੀ ਪ੍ਰਤੀਨਿਧ
ਬਰਨਾਲਾ, 12 ਨਵੰਬਰ
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿੱਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਦੂਜੇ ਦਿਨ ਵੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਦੀਵਾਲੀ ਮੇਲਾ ਲਗਾਇਆ ਗਿਆ, ਜਿਸ ਵਿੱਚ ਸੈਲਫ ਹੈਲਪ ਗਰੁੱਪਾਂ ਦੀਆਂ ਸਟਾਲਾਂ ਨੇ ਖੂਬ ਵਾਹ-ਵਾਹ ਖੱਟੀ। ਇਨ੍ਹਾਂ ਸਟਾਲਾਂ ’ਤੇ ਅਚਾਰ, ਚਟਨੀ, ਮੁਰੱਬੇ, ਹੱਥ ਦੀਆਂ ਬਣਾਈਆਂ ਵਸਤਾਂ, ਹੱਥ ਦੇ ਬਣਾਏ ਸਵੈਟਰ, ਬੱਚਿਆਂ ਦੇ ਕੱਪੜੇ, ਜੈਵਿਕ ਸਬਜ਼ੀਆਂ, ਮੱਕੀ, ਬਾਜਰੇ, ਰਾਗੀ, ਜਵਾਰ, ਕੰਗਣੀ ਦਾ ਆਟਾ, ਸਰ੍ਹੋਂ ਦਾ ਸਾਗ, ਸਵੀਟ ਕਾਰਨ (ਮਿੱਠੀ ਮੱਕੀ), ਦਾਲਾਂ, ਅਨਾਜ ਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ, ਫੁੱਲਾਂ ਤੇ ਸਜਾਵਟੀ ਬੂਟਿਆਂ ਦੀ ਪਨੀਰੀ ਦੀਆਂ ਸਟਾਲਾਂ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਗਰੁੱਪਾਂ ਦੀ ਸ਼ਾਲਾਘਾ ਕੀਤੀ। ਜ਼ਿਲ੍ਹਾ ਸਿਖਲਾਈ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਕਿਹਾ ਕਿ ਇਹ ਦੀਵਾਲੀ ਮੇਲਾ ਗਰੁੱਪਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਇਆ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਸੁਨੀਤਾ ਸ਼ਰਮਾ ਨੇ ਦੱਸਿਆ ਕਿ ਆਤਮਾ ਕਿਸਾਨ ਹੱਟ ਦੀਆਂ ਆਰਗੈਨਿਕ ਸਟਾਲਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਸਿੱਖਿਆ ਵਿਭਾਗ ਤੋਂ ਡੀਐਸਈ ਰਿਜ਼ਵਾਨ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਲਾਈਆਂ ਗਈਆਂ ਦੀਵਿਆਂ, ਮੋਮਬੱਤੀਆਂ, ਕਾਗਜ਼ ਦੇ ਥੈਲਿਆਂ ਤੇ ਹੋਰ ਸਜਾਵਟੀ ਸਾਮਾਨ ਦੀਆਂ ਸਟਾਲਾਂ ਨੂੰ ਵੀ ਲੋਕਾਂ ਵੱਲੋਂ ਸਲਾਹਿਆ ਗਿਆ।
ਹਰੇ ਪਟਾਕੇ ਚਲਾਉਣ ਸਬੰਧੀ ਹਦਾਇਤਾਂ ਜਾਰੀ
ਬਰਨਾਲਾ: ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲ੍ਹਾ ਬਰਨਾਲਾ ਦੇ ਵਾਸੀਆਂ ਨੂੰ ਦੀਵਾਲੀ ਤੇ ਗੁਰਪੁਰਬ ਮੌਕੇ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪ੍ਰਦੂਸ਼ਣ ਮੁਕਤ ਹਰੇ ਪਟਾਕੇ ਹੀ ਚਲਾਉਣ ਦੀ ਪਾਲਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਹਦਾਇਤਾਂ ਅਨੁਸਾਰ ਉਕਤ ਤਿਉਹਾਰਾਂ ਦੇ ਨਾਲ-ਨਾਲ ਕ੍ਰਿਸਮਿਸ ਮੌਕੇ ਵੀ ਸਿਰਫ 2 ਘੰਟੇ ਪ੍ਰਦੂਸ਼ਿਤ ਰਹਿਤ ਪਟਾਕੇ ਚਲਾ ਕੇ ਹੀ ਖੁਸ਼ੀ ਦੇ ਪ੍ਰਗਟਾਵੇ ਦੀ ਇਜਾਜ਼ਤ ਹੈ। ਦਇਨ੍ਹਾਂ ਰੋਕਾਂ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਟਾਖੇ ਵੇਚਣ ਸਬੰਧੀ ਥਾਵਾਂ ਨਿਰਧਾਰਿਤ ਕੀਤੀਆਂ ਹੋਈਆਂ ਹਨ।