ਲਖਵੀਰ ਸਿੰਘ ਚੀਮਾ
ਟੱਲੇਵਾਲ, 13 ਨਵੰਬਰ
ਕਰੋਨਾਵਾਇਰਸ ਕਾਰਨ ਹੋਈ ਤਾਲਾਬੰਦੀ ਕਾਰਨ ਦੇਸ਼ ਦੀ ਜੀਡੀਪੀ ਮੂਧੇ ਮੂੰਹ ਜਾ ਡਿੱਗੀ ਹੈ ਜਿਸ ਦਾ ਅਸਰ ਐਤਕੀਂ ਦੀਵਾਲੀ ਦੇ ਤਿਉਹਾਰ ’ਤੇ ਦੇਖਣ ਨੂੰ ਮਿਲਣ ਰਿਹਾ ਹੈ। ਕਰੋਨਾ ਤਾਲਾਬੰਦੀ ਤੋਂ ਬਾਅਦ ਕਿਸਾਨੀ ਸੰਘਰਸ਼ ਕਾਰਨ ਪੰਜਾਬ ’ਚ ਮਾਲ ਗੱਡੀਆਂ ਪਿਛਲੇ ਡੇਢ ਮਹੀਨੇ ਤੋਂ ਬੰਦ ਹਨ। ਇਸ ਕਾਰਨ ਘਰੇਲੂ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨੀ ਜਾ ਚੜ੍ਹੀਆਂ ਹਨ। ਦੀਵਾਲੀ ਦਾ ਤਿਉਹਾਰ ਮੱਧ ਵਰਗ ਸਮੇਤ ਗਰੀਬ ਲੋਕਾਂ ਲਈ ਫ਼ਿੱਕਾ ਰਹਿਣ ਵਾਲਾ ਹੈ। ਪਹਿਲਾਂ ਵਾਂਗ ਦੁਕਾਨਾਂ ’ਤੇ ਲੋਕਾਂ ਦੀ ਚਹਿਲ ਪਹਿਲ ਘੱਟ ਦੇਖਣ ਨੂੰ ਮਿਲ ਰਹੀ ਹੈ। ਮੌਜੂਦਾ ਸਮੇਂ ’ਚ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ’ਚ ਇੱਕੋਦਮ 25 ਤੋਂ 30 ਰੁਪਏ ਪ੍ਰਤੀ ਬੋਤਲ ਦਾ ਵਾਧਾ ਹੋਇਆ ਹੈ। ਇੱਕ ਕਿਲੋ ਤੇਲ ਦੀ ਕੀਮਤ ਨੇ ਸੈਂਕੜੇ ਪਾਰ ਕਰ ਲਿਆ ਹੈ। ਇਸ ਕਰਕੇ ਦੀਵਾਲੀ ਮੌਕੇ ਜਗਣ ਵਾਲੇ ਦੀਵਿਆਂ ’ਤੇ ਇਸਦਾ ਅਸਰ ਜ਼ਰੂਰ ਪਵੇਗਾ। ਤੇਲ ਦੀ ਵਧੀ ਇਹ ਕੀਮਤ ਲੋਕਾਂ ਦੇ ਜੀਭ ਦਾ ਸੁਆਦ ਵੀ ਖ਼ਰਾਬ ਕਰੇਗੀ। ਕਿਉਂਕਿ ਇਸ ਤਿਉਹਾਰ ਮੌਕੇ ਘਰਾਂ ’ਚ ਚੜ੍ਹਨ ਵਾਲੀਆਂ ਕੜਾਹੀਆਂ ਠੰਢੀਆਂ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਦਾਲਾਂ ਦੇ ਭਾਅ ਵੀ 20 ਤੋਂ 30 ਰੁਪਏ ਪ੍ਰਤੀ ਕਿਲੋ ਵਧੇ ਹਨ।
ਖੰਡ ਦੀ ਕੀਮਤ ਵੀ 100 ਤੋਂ 150 ਰੁਪਏ ਪ੍ਰਤੀ ਕੁਇੰਟਲ ਵਧੀ ਹੈ ਜਿਸ ਕਰਕੇ ਮਠਿਆਈਆਂ ਦੇ ਭਾਅ ਤੇੇਜ਼ ਹਨ। ਘਿਉ ਦੇ ਰੇਟ ਪਹਿਲਾਂ ਨਾਲੋਂ 20 ਰੁਪਏ ਵਧ ਗਏ ਹਨ। ਆਲੂ ਅਤੇ ਪਿਆਜ਼ ਦੀਆਂ ਵਧੀਆਂ ਕੀਮਤਾਂ ਪਹਿਲਾਂ ਹੀ ਲੋਕਾਂ ਦੀਆਂ ਜੇਬਾਂ ਨੂੰ ਚੰਗਾ ਤੜਕਾ ਲਗਾ ਰਹੀਆਂ ਹਨ।
ਪਿੰਡ ਵਿਧਾਤੇ ਦੇ ਦੁਕਾਨਦਾਰ ਜਗਰਾਜ ਸਿੰਘ ਨੇ ਦੱਸਿਆ ਕਿ ਇਸ ਵਾਰ ਦੀ ਦੀਵਾਲੀ ਮੰਦੀ ਹੀ ਰਹੇਗੀ। ਕਿਉਂਕਿ ਮਹਿੰਗਾਈ ਕਾਰਨ ਗਾਹਕਾਂ ਦੀ ਗਿਣਤੀ ਨਾਮਾਤਰ ਹੈ। ਉਧਰ ਆਮ ਲੋਕ ਵੀ ਵਧ ਰਹੀ ਮਹਿੰਗਾਈ ਤੋਂ ਦੁਖੀ ਹੋ ਚੁੱਕੇ ਹਨ। ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਮੱਖਣ ਰਾਮਗੜ੍ਹ ਨੇ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਗਰੀਬ ਲੋਕ ਕਦੇ ਵੀ ਆਪਣੇ ਤਿਉਹਾਰ ਖੁਸ਼ੀਆਂ ਨਾਲ ਨਹੀਂ ਮਨਾ ਪਾਉਂਦੇ। ਅਜਿਹੇ ਹਾਲਾਤਾਂ ਲਈ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਹੀ ਜ਼ਿੰਮੇਵਾਰ ਹਨ।