ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਕਤੂਬਰ
ਦੀਵਾਲੀ ਦੇ ਦਿਨਾਂ ਦੌਰਾਨ ਬਾਜ਼ਾਰ ਵਿੱਚ ਗੈਰਮਿਆਰੀ ਮਠਿਆਈ ਵਿਕਣ ਕਾਰਨ ਲੋਕ ਹੁਣ ਮਠਿਆਈ ਦੀ ਥਾਂ ਫਲ, ਸੁੱਕੇ ਮੇਵੇ ਅਤੇ ਮੁਰੱਬੇ ਖਰੀਦਣ ਨੂੰ ਪਹਿਲ ਦੇਣ ਲੱਗੇ ਹਨ। ਮਠਿਆਈ ਦੀਆਂ ਦੁਕਾਨਾਂ ਉੱਪਰ ਤਿਉਹਾਰਾਂ ਦੌਰਾਨ ਰੌਣਕ ਘੱਟ ਅਤੇ ਫ਼ਲਾਂ ਵਾਲੀਆਂ ਰੇਹੜੀਆਂ ’ਤੇ ਵੱਧ ਦਿਖਾਈ ਦਿੰਦੀ ਹੈ। ਫ਼ਲਾਂ ਵਾਲੀਆਂ ਰੇਹੜੀਆਂ ਵੀ ਬਜ਼ਾਰਾਂ ’ਚ ਵੱਧ ਲੱਗਣ ਲੱਗ ਪਈਆਂ ਹਨ।
ਦਿਲਚਸਪ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੇ ਪੇਂਡੂ ਖੇਤਰ ਵਿੱਚ ਵੀ ਚਾਰ ਸਾਲਾਂ ਤੋਂ ਡੱਬਾ ਬੰਦ ਪਦਾਰਥਾਂ ਦਾ ਬੋਲਬਾਲਾ ਵਧਣ ਲੱਗਿਆ ਹੈ। ਪੇਂਡੂ ਲੋਕ ਸੁੱਕੇ ਮੇਵੇ ਅਤੇ ਮੁਰੱਬੇ ਖਰੀਦਣ ਨੂੰ ਪਹਿਲ ਦੇਣ ਲੱਗੇ ਹਨ। ਮਾਨਸਾ ਦੇ ਦੁਕਾਨਦਾਰਾਂ ਅਨੁਸਾਰ ਮਿਲਾਵਟੀ ਤੇ ਰੰਗ-ਬਿਰੰਗੀਆਂ ਮਠਿਆਈਆਂ ਤੋਂ ਮੁੂੰਹ ਮੋੜ ਰਹੇ ਲੋਕ ਹੁਣ ਸੁੱਕੀਆਂ ਤੇ ਨਵੀਆਂ ਵਸਤਾਂ ਦੀ ਖਰੀਦਦਾਰੀ ਕਰ ਰਹੇ ਹਨ। ਮਾਨਸਾ ਦੇ ਸਟੋਰਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਮੁਰੱਬਿਆਂ ਦੀ ਵੀ ਦਰਜਨਾਂ ਵੰਨਗੀਆਂ ਆ ਗਈਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਲੋਕ ਖਾਣ-ਪੀਣ ਦੇ ਮਾਮਲੇ ਵਿੱਚ ਜ਼ਿਆਦਾ ਜਾਗਰੂਕ ਹੋ ਗਏ। ਲੋਕ ਉਨ੍ਹਾਂ ਵਸਤਾਂ ਦੀ ਖਰੀਦ ਕਰਦੇ ਹਨ, ਜਿਨ੍ਹਾਂ ਦਾ ਸਿਹਤ ਨੂੰ ਫਾਇਦਾ ਹੁੰਦਾ ਹੋਵੇ ਤੇ ਉਨ੍ਹਾਂ ਦੀ ਸੰਭਾਲ ਤੇ ਘਰ ਤੱਕ ਲੈ ਕੇ ਜਾਣਾ ਵੀ ਆਸਾਨ ਹੋਵੇ। ਉਧਰ ਸੱਭਿਆਚਾਰ ਅਤੇ ਸਮਾਜ ਸੇਵਾ ਮੰਚ ਦੇ ਆਗੂ ਰਾਕੇਸ਼ ਕੁਮਾਰ ਗਰਗ ਅਤੇ ਹਰਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਆਉਣ ਕਰ ਕੇ ਡੱਬਾ ਬੰਦ ਵਸਤਾਂ ਦੀ ਮੰਗ ਵਧਣ ਲੱਗੀ ਤੇ ਇਸ ਤਰ੍ਹਾਂ ਮਿਲਾਵਟ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਵਰਗੇ ਤਿਉਹਾਰਾਂ ਆਦਿ ਮੌਕੇ ਤਰ੍ਹਾਂ-ਤਰ੍ਹਾਂ ਦੀ ਰੰਗ-ਬਰੰਗੀਆਂ ਮਠਿਆਈ ਖਾਣ ਤੇ ਕਿਸੇ ਨੂੰ ਦੇਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।““““““““““““““““““““