ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 6 ਜਨਵਰੀ
ਜ਼ਿਲ੍ਹਾ ਉਪਭੋਗਤਾ ਅਤੇ ਝਗੜਾ ਨਿਵਾਰਣ ਫੋਰਮ ਫ਼ਰੀਦਕੋਟ ਨੇ ਜ਼ਿਲ੍ਹੇ ’ਚ ਸਥਿਤ ਜੈਤੋ ਦੇ ਇਕ ਹਸਪਤਾਲ ਦੇ ਦੋ ਡਾਕਟਰਾਂ ਨੂੰ ਇਲਾਜ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਹੇਠ 15 ਲੱਖ ਰੁਪਏ ਜੁਰਮਾਨਾ ਠੋਕਿਆ ਹੈ। ਅਦਾਲਤ ਨੇ ਜੁਰਮਾਨੇ ਦੀ ਰਾਸ਼ੀ ਸ਼ਿਕਾਇਤਕਰਤਾ ਨੂੰ ਇਕ ਮਹੀਨੇ ਦੇ ਅੰਦਰ ਦੇਣ ਦੀ ਹਦਾਇਤ ਕੀਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਮਹਿਮਾ ਸਵਾਈ (ਬਠਿੰਡਾ) ਦੇ ਵਸਨੀਕ ਸ਼ਰਨਦੀਪ ਸਿੰਘ ਨੇ ਅਦਾਲਤ ’ਚ ਸ਼ਿਕਾਇਤ ਦਾਇਰ ਕਰ ਕੇ ਦੋਸ਼ ਲਾਇਆ ਸੀ ਕਿ ਉਸ ਤੇ ਉਸ ਦੀ ਪਤਨੀ 23 ਨਵੰਬਰ 2017 ਨੂੰ ਕੈਨੇਡਾ ਜਾਣਾ ਸੀ। 20 ਨਵੰਬਰ 2017 ਨੂੰ ਅਚਾਨਕ ਉਸ ਦੀ 20 ਸਾਲਾਂ ਪਤਨੀ ਨੂੰ ਪੇਟ ਦਰਦ ਦੀ ਸ਼ਿਕਾਇਤ ਹੋਈ ਤੇ ਉਹ ਆਪਣੀ ਪਤਨੀ ਨੂੰ ਜੈਤੋ ਦੇ ਗਰਗ ਕਲੀਨਿਕ ਲੈ ਗਿਆ ਜਿਥੇ ਡਾਕਟਰ ਹੁਕਮ ਚੰਦ ਗਰਗ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਦੇ ਪਿੱਤੇ ਵਿੱਚ ਪੱਥਰੀ ਹੈ। ਇਸ ਦਾ ਅਪਰੇਸ਼ਨ ਕਰਕੇ ਪੱਥਰੀ ਨਾ ਕੱਢੀ ਗਈ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਡਾਕਟਰ ਦੀ ਸਲਾਹ ਮੰਨ ਕੇ ਸ਼ਰਨਦੀਪ ਨੇ ਆਪਣੀ ਪਤਨੀ ਨੂੰ ਗਰਗ ਕਲੀਨਿਕ ਦਾਖਲ ਕਰਵਾ ਦਿੱਤਾ ਜਿਥੇ ਉਸ ਦਾ ਉਸੇ ਦਿਨ ਹੀ ਅਪਰੇਸ਼ਨ ਕਰਨ ਲਈ ਡਾਕਟਰ ਵਿਵੇਕ ਕੁਮਾਰ ਜੈਨ ਵੱਲੋਂ ਬੇਹੋਸ਼ੀ ਦਾ ਟੀਕਾ ਲਾਏ ਜਾਣ ’ਤੇ ਉਸ ਦੀ ਪਤਨੀ ਕੋਮਾ ਵਿੱਚ ਚਲੀ ਗਈ।
ਸ਼ਰਨਦੀਪ ਨੇ ਆਪਣੀ ਪਤਨੀ ਦਾ ਵੱਖ-ਵੱਖ ਹਸਪਤਾਲਾਂ ਵਿੱਚ ਬਹੁਤ ਇਲਾਜ ਕਰਵਾਇਆ ਪਰ ਉਸ ਸਿਹਤ ਵਿੱਚ ਕੋਈ ਫ਼ਰਕ ਨਹੀਂ ਪਿਆ। ਫਿਰ ਆਪਣੀ ਪਤਨੀ ਨੂੰ ਦਯਾਨੰਦ ਮੈਡੀਕਲ ਹਸਪਤਾਲ ਲੁਧਿਆਣਾ ਲੈ ਗਿਆ ਜਿਥੇ ਉਸ ਨੂੰ ਡਾਕਟਰਾਂ ਨੇ ਦੱਸਿਆ ਕਿ ਬੇਹੋਸ਼ੀ ਦੇ ਓਵਰਡੋਜ਼ ਕਾਰਨ ਉਸ ਦੀ ਪਤਨੀ ਕੋਮਾ ਵਿੱਚ ਚਲੀ ਗਈ ਜਿਸ ਕਰਕੇ ਉਸ ਨੂੰ ਆਕਸੀਜਨ ਠੀਕ ਮਾਤਰਾ ਵਿੱਚ ਨਾ ਮਿਲਣ ਕਰਕੇ ਉਸ ਦੀ ਹਾਲਤ ਖਰਾਬ ਹੋਈ ਸੀ। ਉਸ ਨੇ ਇਸ ਦੀ ਸ਼ਿਕਾਇਤ ਪੁਲੀਸ ਕੋਲ ਵੀ ਕੀਤੀ ਪ੍ਰੰਤੂ ਇਨਸਾਫ ਨਾ ਮਿਲਣ ’ਤੇ ਉਸ ਨੇ ਜ਼ਿਲ੍ਹਾ ਉਪਭੋਗਤਾ ਅਤੇ ਝਗੜੇ ਨਿਵਾਰਨ ਫੋਰਮ ’ਚ ਸ਼ਿਕਾਇਤ ਦਾਇਰ ਕਰਕੇ ਹਰਜ਼ਾਨੇ ਦੀ ਮੰਗ ਕੀਤੀ। ਫੋਰਮ ਦੀ ਮੈਂਬਰ ਪਰਮਪਾਲ ਕੌਰ ਅਤੇ ਵਿਸ਼ਵ ਕਾਂਤ ਗਰਗ ਨੇ ਦੋਹਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ਵਿਚ ਡਾਕਟਰਾਂ ਨੂੰ ਇਲਾਜ ਵਿੱਚ ਕੁਤਾਹੀ ਦਾ ਦੋਸ਼ੀ ਪਾਏ ਜਾਣ ਤੇ ਆਪਣਾ ਫ਼ੈਸਲਾ ਸੁਣਾਇਆ।