ਜਸਵੰਤ ਜੱਸ
ਫ਼ਰੀਦਕੋਟ, 21 ਮਈ
ਫ਼ਰੀਦਕੋਟ ਸ਼ਹਿਰ ਦੇ ਵਸਨੀਕਾਂ ਨੇ ਅੱਜ ਇੱਥੇ ਭਾਈ ਘਨੱਈਆ ਚੌਕ ਵਿੱਚ ਭੀਖ਼ ਮੰਗ ਕੇ ਚੰਦਾ ਇਕੱਠਾ ਕੀਤਾ। ਇਹ ਚੰਦਾ ਪੰਜਾਬ ਸਰਕਾਰ ਨੂੰ ਭੇਜਿਆ ਜਾਣਾ ਹੈ। ਇਸ ਸਬੰਧੀ ਬਾਸਕਿਟਬਾਲ ਦੇ ਕੌਮੀ ਖਿਡਾਰੀ ਗੁਰਦਿੱਤ ਸਿੰਘ ਸੇਖੋਂ, ਅਮਨਦੀਪ ਸਿੰਘ ਬਾਬਾ, ਕਿਰਪਾਲ ਸਿੰਘ ਅਤੇ ਹਰਬਰਿੰਦਰ ਸਿੰਘ ਹੈਪੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਤਾਵਰਨ ਦਾ ਘਾਣ ਕਰਨ ਲਈ 135 ਕਿੱਲਿਆਂ ਦੇ ਜੰਗਲ ਨੂੰ ਮਹਿਜ਼ 67 ਲੱਖ ਰੁਪਏ ਵਿੱਚ ਲੱਕੜ ਮਾਫ਼ੀਆ ਕੋਲ ਵੇਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਹੱਦ ਕੀਮਤੀ ਜੰਗਲ ਨੂੰ ਕੌਡੀਆਂ ਦੇ ਭਾਅ ਉਜਾੜ ਕੇ ਜਿੱਥੇ ਵਾਤਾਵਰਨ, ਪੰਛੀਆਂ ਅਤੇ ਚੌਗਿਰਦੇ ਦਾ ਨੁਕਸਾਨ ਕੀਤਾ ਹੈ, ਉੱਥੇ ਹੀ ਸਰਕਾਰ ਨੇ ਵਾਤਾਵਰਨ ਪ੍ਰਤੀ ਆਪਣੀ ਗੈਰ-ਸੰਵੇਦਨਸ਼ੀਲਤਾ ਵੀ ਦਿਖਾਈ ਹੈ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਹਰ ਕੁਦਰਤੀ ਸਰਮਾਏ ਨੂੰ ਵੇਚਣ ਦੇ ਰਾਹ ਤੁਰੀ ਹੋਈ ਹੈ। ਇਸ ਲਈ ਪੰਜਾਬ ਸਰਕਾਰ ਨੂੰ ਸ਼ਰਮ ਦੇਣ ਲਈ ਅੱਜ ਸ਼ਹਿਰ ਵਿੱਚੋਂ ਭੀਖ਼ ਨਾਲ ਚੰਦਾ ਇਕੱਠਾ ਕੀਤਾ ਗਿਆ ਹੈ।
ਸੁਰਿੰਦਰ ਸਿੰਘ ਸਾਧਾਂਵਾਲਾ, ਜਗਮੀਤ ਸਿੰਘ ਸੁੱਖਣਵਾਲਾ, ਸੁਰਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਸਾਂਝੇ ਜੰਗਲ ਨਹੀਂ ਵੇਚਣ ਦਿੱਤੇ ਜਾਣਗੇ। ਦੂਜੇ ਪਾਸੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਜੰਗਲ ਕੱਟਣ ਦੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।