ਜੋਗਿੰਦਰ ਸਿੰਘ ਮਾਨ
ਮਾਨਸਾ, 27 ਅਪਰੈਲ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰੋਨਾ ਦੇ ਕੇਸਾਂ ਵਿੱਚ ਵਾਧੇ ਨੂੰ ਦੇਖਦਿਆਂ ਹੁਣ ਰਾਜ ਵਿੱਚ ਹਰ-ਰੋਜ਼ ਰਾਤ ਦਾ ਲੌਕਡਾਊਨ ਸ਼ਾਮ ਦੇ 6 ਵਜੇ ਤੋਂ ਸਵੇਰ ਦੇ 5 ਵਜੇ ਤੱਕ ਕਰਨ ਦੇ ਫੈਸਲੇ ਤੋਂ ਬਾਅਦ ਸ਼ਹਿਰਾਂ ਵਿੱਚ ਦੁਕਾਨਾਂ ਹੁਣ ਸ਼ਾਮ ਦੇ 5 ਵਜੇ ਤੱਕ ਖੁੱਲੀਆਂ ਰਹਿਣ ਦੇ ਕੀਤੇ ਆਦੇਸ਼ਾਂ ਤੋਂ ਬਾਅਦ ਅੱਜ ਮਾਨਸਾ ਸ਼ਹਿਰ ਦੇ ਬਾਜ਼ਾਰ ਅਤੇ ਦੁਕਾਨਾਂ ਦੀਆਂ ਬੂਹੇ-ਬਾਰੀਆਂ ਦਿਨ ਖੜ੍ਹੇ ਹੀ ਬੰਦ ਹੋ ਗਈਆਂ।ਪੰਜਾਬ ਪੁਲੀਸ ਵੱਲੋਂ ਕੀਤੇ ਗਏ ਸ਼ਹਿਰ ਵਿੱਚ ਮਾਰਚ ਪਾਸਟ ਤੋਂ ਮਗਰੋਂ ਦਿੱਤੇ ਆਦੇਸ਼ਾਂ ਮੁਤਾਬਕ ਅੱਜ ਸਾਰੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ 5 ਵਜੇ ਬੰਦ ਕਰ ਦਿੱਤੀਆਂ ਗਈਆਂ। ਦੁਕਾਨਾਂ ਨੂੰ ਬੰਦ ਕਰਨ ਦੇ ਆਦੇਸ਼ਾਂ ਨੂੰ ਸਖ਼ਤੀ ਨਾਲ ਪਾਲਣ ਲਈ ਪੰਜਾਬ ਪੁਲੀਸ ਦੀਆਂ ਟੁਕੜੀਆਂ ਨੇ ਵੱਖ-ਵੱਖ ਉਚ ਅਧਿਕਾਰੀਆਂ ਦੀ ਅਗਵਾਈ ਹੇਠ ਮੁੱਖ ਬਾਜ਼ਾਰਾਂ ਵਿੱਚ ਗਸ਼ਤ ਕੀਤੀ ਗਈ ਅਤੇ ਜਿਹੜੇ ਵੀ ਦੁਕਾਨਦਾਰ ਨੇ ਚੋਰ ਮੋਰੀ ਰਾਹੀਂ ਦੁਕਾਨ ਖੋਲ੍ਹਣ ਦਾ ਲੁਕਵਾ ਉਪਰਾਲਾ ਕੀਤਾ, ਉਸਦਾ ਥਾਣਾ ਸਿਟੀ-1 ਅਤੇ ਥਾਣਾ ਸਿਟੀ-2 ਦੀ ਪੁਲੀਸ ਵੱਲੋਂ ਬਕਾਇਦਾ ਚਲਾਨ ਕੀਤਾ ਗਿਆ।
ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਪੂਰੇ ਜ਼ਿਲ੍ਹੇ ਭਰ ਵਿੱਚ ਸਾਰੇ ਥਾਣਾ ਮੁਖੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਲੋਕਾਂ ਦੇ ਹਿੱਤਾਂ ਲਈ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਥਾਣਾ ਮੁਖੀਆਂ ਨੂੰ ਰਾਤ ਭਰ ਦੀ ਗਸ਼ਤ ਜਾਰੀ ਰੱਖਣ ਦੇ ਸਖ਼ਤ ਆਦੇਸ਼ ਦਿੱਤੇ ਗਏ ਹਨ।