ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਅਕਤੂਬਰ
ਸੂਬਾ ਸਰਕਾਰ ਨੇ ਜ਼ਮੀਨੀ ਇੰਤਕਾਲ ਫ਼ੀਸ ਦੁੱਗਣੀ ਕਰ ਦਿੱਤੀ ਹੈ, ਜਿਸ ਨਾਲ ਲੋਕਾਂ ’ਤੇ ਸਾਲਾਨਾ 25 ਕਰੋੜ ਦਾ ਬੋਝ ਪਵੇਗਾ। ਇਸ ਦਾ ਸਭ ਤੋਂ ਵੱਧ ਅਸਰ ਕਿਸਾਨਾਂ ’ਤੇ ਪਵੇਗਾ। ਬੀਤੇ ਸਤੰਬਰ ਮਹੀਨੇ ਸੇਵਾ ਕੇਂਦਰਾਂ ’ਚ ਹੋਰ ਫ਼ੀਸਾਂ ਦੇ ਨਾਲ-ਨਾਲ ਬੈਂਕ ਤੋਂ ਕਰਜ਼ਾ ਲੈਣ ਲਈ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਮਾਰਟਗੇਜ਼ ਫ਼ੀਸ ਵਿੱਚ ਵਾਧਾ ਕੀਤਾ ਗਿਆ ਸੀ। ਪੰਜਾਬ ਸਰਕਾਰ, ਮਾਲ ਪੁਨਰਵਾਸ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ (ਭੌਂ ਮਾਲੀਆ ਸ਼ਾਖਾ) ਵੱਲੋਂ 9 ਅਕਤੂਬਰ ਨੂੰ ਸੂਬਾ ਭਰ ਦੇ ਡੀਸੀਜ਼ ਨੂੰ ਜਾਰੀ ਪੱਤਰ ਮੁਤਾਬਕ ਮੌਜੂਦਾ ਇੰਤਕਾਲ ਫ਼ੀਸ 300 ਰੁਪਏ ਨੂੰ ਵਧਾ ਕੇ 600 ਰੁਪਏ ਕਰ ਦਿੱਤੀ ਗਈ ਹੈ। ਇੰਤਕਾਲ ਫ਼ੀਸ ਦੁੱਗਣੀ ਹੋਣ ਨਾਲ ਵੱਡੀ ਮਾਲੀ ਸੱਟ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੱਜੇਗੀ। ਪੰਜਾਬ ਦੇ ਲੋਕਾਂ ’ਤੇ ਸਾਲਾਨਾ 25 ਕਰੋੜ ਦਾ ਨਵਾਂ ਭਾਰ ਪਵੇਗਾ। ਬੀਕੇਯੂ (ਏਕਤਾ ਉਗਰਾਹਾਂ) ਦੇ ਸੂਬਾਈ ਆਗੂ ਸੁਖਦੇਵ ਸਿੰਘ ਕੋਕਰੀ ਅਤੇ ਬੀਕੇਯੂ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਤੇ ਗੁਲਜ਼ਾਰ ਸਿੰਘ ਘਾਲੀ ਨੇ ਇਸ ਫੈਸਲੇ ਦੀ ਨਿਖੇਧੀ ਕੀਤੀ।