ਲਖਵਿੰਦਰ ਸਿੰਘ
ਮਲੋਟ, 3 ਜਨਵਰੀ
ਮਲੋਟ ਹਲਕੇ ਤੋਂ ਅਕਾਲੀ ਦਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰ ਦਾ ਨਾਮ ਐਲਾਨ ਕਰ ਦਿੱਤਾ ਹੈ। ‘ਆਪ’ ਵੱਲੋਂ ਤਾਜ਼ੀ ਜਾਰੀ ਕੀਤੀ ਗਈ ਲਿਸਟ ਵਿੱਚ ਆਮ ਆਦਮੀ ਪਾਰਟੀ ਨੇ ਫਰੀਦਕੋਟ ਤੋਂ ‘ਆਪ’ ਦੇ ਲੋਕ ਸਭਾ ਮੈਂਬਰ ਸਾਧੂ ਸਿੰਘ ਦੀ ਪੁੱਤਰੀ ਡਾ. ਬਲਜੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਡਾ. ਬਲਜੀਤ ਕੌਰ ਸਰਕਾਰੀ ਹਸਪਤਾਲ ਵਿੱਚ ਅੱਖਾਂ ਦੇ ਮਾਹਰ ਡਾਕਟਰ ਸਨ। ਇਸ ਦੇ ਨਾਲ ਹੀ ਉਹ ਸਮਾਜ ਸੇਵਾ ਦੇ ਕੰਮਾਂ ਵਿੱਚ ਬਾਖੂਬੀ ਹਿੱਸਾ ਲੈਂਦੇ ਰਹੇ ਹਨ। ਉਨ੍ਹਾਂ ਦਾ ਲੋਕਾਂ ਵਿੱਚ ਚੰਗਾ ਅਕਸ ਹੈ। ਇੱਥੋਂ ਦੇ ਆਗੂਆਂ ਰਮੇਸ਼ ਕੁਮਾਰ ਅਰਨੀਵਾਲਾ ਤੇ ਪਰਮਜੀਤ ਸਿੰਘ ਗਿੱਲ ਆਦਿ ਨੇ ਡਾ. ਬਲਜੀਤ ਕੌਰ ਦਾ ਸੁਆਗਤ ਕੀਤਾ।
ਇਸੇ ਦੌਰਾਨ ਪ੍ਰੋ. ਸਾਧੂ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਵੀ ਦੋ ਦਿਨ ਪਹਿਲਾਂ ਹੀ ਪਾਰਟੀ ਹਾਈਕਮਾਂਡ ਵੱਲੋਂ ਇਹ ਫੈਸਲਾ ਲਏ ਜਾਣ ਦੀ ਸੂਚਨਾ ਮਿਲੀ। ਪ੍ਰੋ. ਸਿੰਘ ਮੁਤਾਬਿਕ ਸੰਭਵ ਹੈ ਕਿ ਬਲਜੀਤ ਕੌਰ ਦੇ ਲੋਕਾਈ ’ਚ ਵਿਆਪਕ ਆਧਾਰ ਦੇ ਮੱਦੇਨਜ਼ਰ ਪਾਰਟੀ ਵੱਲੋਂ ਟਿਕਟ ਦਿੱਤੀ ਗਈ।