ਸ਼ੰਗਾਰਾ ਸਿੰਘ ਅਕਲੀਆ
ਜੋਗਾ, 11 ਨਵੰਬਰ
ਪਿੰਡ ਅਤਲਾ ਕਲਾਂ ਦੇ ਕੋਲ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ, ਨੇੜੇ ਬਣੀ ਪ੍ਰਧਾਨ ਮੰਤਰੀ ਯੋਜਨਾ ਅਧੀਨ ਸੜਕ ਦੇ ਉੱਪਰ ਪਾਣੀ ਖੜ੍ਹਿਆ ਰਹਿੰਦਾ ਹੈ। ਇਸ ਕਾਰਨ ਰਾਹਗੀਰ ਦੇ ਆਮ ਲੋਕ ਪ੍ਰੇਸ਼ਾਨ ਹਨ। ਲੋਕਾਂ ਨੇ ਸਬੰਧਤ ਵਿਭਾਗ ਅਤੇ ਸਰਕਾਰ ਦੇ ਪ੍ਰਤੀ ਰੋਸ ਪ੍ਰਗਟ ਕੀਤਾ ਅਤੇ ਸਮੱਸਿਆ ਦਾ ਹੱਲ ਕਰਵਾਉਣ ਦੀ ਮੰਗ ਕੀਤੀ। ਪਿੰਡ ਅਤਲਾ ਕਲਾਂ ਸਰਪੰਚ ਭੂਰਾ ਸਿੰਘ, ਸਾਬਕਾ ਸਰਪੰਚ ਜੁਗਰਾਜ ਸਿੰਘ ਖਾਲਸਾ,ਸਾਬਕਾ ਸਰਪੰਚ ਸੁਰਜੀਤ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਭਰਪੂਰ ਸਿੰਘ ਅਤਲਾ ਕਲਾਂ ਨੇ ਕਿਹਾ ਕਿ ਇਹ ਸੜਕ ਸ਼ਹਿਰ ਭੀਖੀ ਦਾ ਪ੍ਰਮੁੱਖ ਰਸਤਾ ਹੈ। ਸੜਕ ’ਤੇ ਗੁਰਦੁਆਰਾ, ਅਨਾਜ ਮੰਡੀ ਸਮੇਤ ਸਰਕਾਰੀ ਸੈਕੰਡਰੀ ਸਕੂਲ ਵੀ ਹੈ। ਸਬ ਡਿਵੀਜ਼ਨ ਜੋਗਾ ਦਫ਼ਤਰ ਨੂੰ ਵੀ ਇਸ ਰੋਡ ਤੋਂ ਹੋ ਕੇ ਜਾਣਾ ਪੈਂਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ । ਹਰਜਿੰਦਰ ਸਿੰਘ ਜੱਸਲ ਐੱਸਡੀਐੱਮ ਮਾਨਸਾ ਦਾ ਕਹਿਣਾ ਸੀ ਕਿ ਪਿੰਡ ਅਤਲਾ ਕਲਾਂ ਦਾ ਜੋ ਨਿਕਾਸੀ ਪਾਣੀ ਅਤੇ ਬਰਸਾਤੀ ਪਾਣੀ ਦਾ ਮਾਮਲਾ ਹੈ, ਸਬੰਧਤ ਵਿਭਾਗ ਨਾਲ ਗੱਲਬਾਤ ਕਰਕੇ ਜਲਦੀ ਹੱਲ ਕੀਤਾ ਜਾਵੇਗਾ।