ਕਰਨ ਭੀਖੀ
ਭੀਖੀ , 5 ਜੂਨ
ਪੰਜਾਬ ਸਰਕਾਰ ਵੱਲੋਂ ਨਸ਼ਾ ਕਰਨ ਵਾਲੇ ਲੋਕਾਂ ਨੂੰ ਨਸ਼ਾ ਛੁਡਵਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਹਰ ਤਰ੍ਹਾਂ ਦਾ ਨਸ਼ਾ ਛੱਡਣ ਲਈ ਮਿਲਦੀਆਂ ਮੁਫ਼ਤ ਗੋਲੀਆਂ ਲੈਣ ਵਾਲਿਆਂ ਦੀ ਤਾਦਾਦ ਹੁਣ ਵਧਦੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਕੁਝ ਲੋਕ ਲੌਕਡਾਊਨ ਦੌਰਾਨ ਇਹ ਗੋਲੀਆਂ ਹਸਪਤਾਲ ਵਿੱਚੋਂ ਲੈ ਕੇ ਬਾਹਰ ਨਸ਼ਾ ਕਰਨ ਵਾਲੇ ਲੋਕਾਂ ਨੂੰ ਮਹਿੰਗੇ ਭਾਅ ਵੇਚਦੇ ਰਹੇ ਤੇ ਕੁਝ ਲੋਕ ਉਹ ਵੀ ਹਨ ਜੋ ਖੁਦ ਨਸ਼ਾ ਵੀ ਨਹੀਂ ਕਰਦੇ ਉਨ੍ਹਾਂ ਨੇ ਕਾਰਡ ਬਣਾ ਲਏ ਹਨ। ਵੱਖ-ਵੱਖ ਪਿੰਡਾਂ ਤੋਂ ਹਰ ਰੋਜ਼ ਨਸ਼ਾ ਛੱਡਣ ਲਈ ਭੀਖੀ ਦੇ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਵਿਅਕਤੀ ਸਿਹਤ ਵਿਭਾਗ ਤੋਂ ਖ਼ਫਾ ਹਨ, ਪਿੰਡ ਧਲੇਵਾਂ ਦੇ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਦੋ ਗੋਲੀਆਂ ਲੈਣ ਲਈ ਇੱਥੇ ਆਉਂਦਾ ਹੈ ਤੇ ਪਿੱਛੋਂ ਉਸ ਦਾ ਕੰਮਕਾਰ ਰੁਕ ਜਾਂਦਾ ਹੈ। ਬੀਰ ਖੁਰਦ ਦੇ ਰਾਜ ਕੁਮਾਰ ਤੇ ਹੇਮਰਾਜ ਨੇ ਕਿਹਾ ਕਿ ਲੌਕਡਾਊਨ ਕਾਰਨ ਦਸ ਦਿਨਾਂ ਦੀਆਂ ਗੋਲੀਆਂ ਮਿਲ ਜਾਂਦੀਆਂ ਸਨ ਪਰ ਹੁਣ ਦੋ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨਸ਼ਾ ਛੁਡਵਾਉਣਾ ਹੈ ਤਾਂ ਗੋਲੀਆਂ ਸਾਰੇ ਪਿੰਡਾਂ ਵਿੱਚ ਹੀ ਡਿਊਟੀਆਂ ਲਗਾ ਕੇ ਦਿੱਤੀਆਂ ਜਾਣ। ਉਕਤ ਮਾਮਲੇ ਬਾਰੇ ਜ਼ਿਲ੍ਹਾ ਸਿਵਲ ਸਰਜਨ ਲਾਲ ਚੰਦ ਠੁਕਰਾਲ ਨੇ ਕਿਹਾ ਕਿ ਵਿਭਾਗ ਨੇ ਹਰ ਵਿਅਕਤੀ ਲਈ ਹੁਣ ਦੋ ਗੋਲੀਆਂ ਕਰ ਦਿੱਤੀਆਂ ਹਨ।