ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਅਕਤੂਬਰ
ਇਥੇ ਥਾਣਾ ਕੋਟ ਈਸੇ ਖਾਂ ਨਸ਼ਾ ਤਸਕਰੀ ਦੇ ਬਹੁ ਚਰਚਿਤ ਮਾਮਲੇ ਵਿੱਚ ਪੁਲੀਸ ਦੇ ਹਾਲੇ ਤੱਕ ਹੱਥ ਖਾਲੀ ਹਨ। ਡੀਐੱਸਪੀ ਧਰਮਕੋਟ ਜੋ ਇਸ ਨਸ਼ਾ ਤਸਕਰੀ ਮਾਮਲੇ ਦੇ ਜਾਂਚ ਅਧਿਕਾਰੀ ਵੀ ਹਨ, ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਦੇ ਸਹੁਰੇ ਘਰ ਦੀ ਤਲਾਸ਼ੀ ਲਈ। ਨਸ਼ਾ ਤਸਕਰੀ ਮਾਮਲੇ ’ਚ ਨਾਮਜ਼ਦ ਹੋਣ ਤੋਂ ਪਹਿਲਾਂ ਹੀ ਫ਼ਰਾਰ ਮਹਿਲਾ ਪੁਲੀਸ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਸੀਨੀਅਰ ਪੁਲੀਸ ਅਧਿਕਾਰੀਆਂ ਉੱਤੇ ਲਾਏ ਗੰਭੀਰ ਦੋਸ਼ਾਂ ਦੀ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਤੋਂ ਬਾਅਦ ਪੁਲੀਸ ਨੇ ਆਪਣੇ ਵਿਭਾਗ ਦੀ ਮੁਅੱਤਲ ਪੁਲੀਸ ਇੰਸਪੈਕਟਰ ਖ਼ਿਲਾਫ਼ ਹੋਰ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਮਹਿਲਾ ਪੁਲੀਸ ਇੰਸਪੈਕਟਰ ਦਾ ਸਹੁਰਾ ਤੇ ਪਤੀ ਵਕੀਲ ਹਨ ਅਤੇ ਮੁਅੱਤਲ ਪੁਲੀਸ ਇੰਸਪੈਕਟਰ ਦੇ ਸਹੁਰੇ ਘਰ ਦੀ ਤਲਾਸ਼ੀ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਬਾਰ ਕੌਂਸਲ ਪ੍ਰਧਾਨ ਸੁਨੀਲ ਗਰਗ ਦੀ ਅਗਵਾਈ ਹੇਠ ਵਕੀਲ ਭਾਈਚਾਰਾ ਵੀ ਮੌਕੇ ਉੱਤੇ ਪੁੱਜ ਗਿਆ। ਇਸ ਮੌਕੇ ਕੌਮਾਂਤਰੀ ਹਾਕੀ ਖਿਡਾਰੀ ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਵਕੀਲ ਭਾਈਚਾਰੇ ਦੀ ਉਨ੍ਹਾਂ ਦੇ ਸਾਹਮਣੇ ਤਲਾਸ਼ੀ ਦੀ ਮੰਗ ਨੂੰ ਠੁਕਰਾ ਦਿੱਤਾ। ਵਕੀਲਾਂ ਨੇ ਪੁਲੀਸ ਅਧਿਕਾਰੀ ਨੂੰ ਸਪਸ਼ਟ ਆਖਿਆ ਕਿ ਉਹ ਆਪਣੇ ਕੁਲੀਗ ਦੇ ਪਰਿਵਾਰ ਨਾਲ ਕਿਸੇ ਤਰ੍ਹਾਂ ਜ਼ਿਆਦਤੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਵਿਭਾਗੀ ਮਹਿਲਾ ਪੁਲੀਸ ਇੰਸਪੈਕਟਰ ਤੱਕ ਹੀ ਜਾਂਚ ਸੀਮਤ ਰੱਖਣ ਦੀ ਅਪੀਲ ਕੀਤੀ। ਡੀਐੱਸਪੀ ਨੇ ਵਕੀਲਾਂ ਨੂੰ ਭਰੋਸਾ ਦਿੱਤਾ ਕਿ ਉਹ ਕਾਨੂੰਨ ਅਨੁਸਾਰ ਇਹ ਕਾਰਵਾਈ ਕਰ ਰਹੇ ਹਨ ਅਤੇ ਕੁਝ ਵੀ ਗਲਤ ਨਹੀਂ ਹੋਵੇਗਾ। ਇਸ ਮੌਕੇ ਥਾਣਾ ਧਰਮਕੋਟ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਅਤੇ ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਵੀ ਮੌਜੂਦ ਸਨ। ਪੁਲੀਸ ਮੁਤਾਬਕ ਘਰ ਦੀ ਤਲਾਸ਼ੀ ਅਦਾਲਤ ਵਿੱਚੋਂ ਸਰਚ ਵਾਰੰਟ ਹਾਸਲ ਕਰਕੇ ਲਈ ਜਾ ਰਹੀ ਹੈ ਅਤੇ ਇਸ ਦੀ ਬਕਾਇਦਾ ਵੀਡੀਓ ਗ੍ਰਾਫ਼ੀ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਘਰ ਦੀ ਤਲਾਸ਼ੀ ਜਾਰੀ ਸੀ। ਪੁਲੀਸ ਨੇ ਦੱਸਿਆ ਕਿ ਘਰ ਵਿੱਚ ਪਰਿਵਾਰ ਦਾ ਕੋਈ ਵੀ ਮੈਂਬਰ ਹਾਜ਼ਰ ਨਹੀਂ ਮਿਲਿਆ। ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਤੇ ਦੋ ਹੋਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਛੱਡਣ ਬਦਲੇ 8 ਲੱਖ ਦਾ ਸੌਦਾ ਕਰਕੇ ਪੰਜ ਲੱਖ ਦੀ ਵੱਢੀ ਲੈਣ ਤੇ 3 ਕਿਲੋ ਅਫ਼ੀਮ ਗਾਇਬ ਕਰਨ ਦਾ ਦੋਸ਼ ਹੈ ਪਰ ਹਾਲੇ ਤਕ ਮੁਲਜ਼ਮ ਪੁਲੀਸ ਦੀ ਪਹੁੰਚ ਤੋਂ ਦੂਰ ਹਨ।