ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 28 ਅਕਤੂਬਰ
ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਕੁਝ ਗੈਂਗਸਟਰਾਂ ਅਤੇ ਕੈਦੀਆਂ ਨੂੰ ਨਸ਼ੇ ਦੀ ਹੁੰਦੀ ਸਪਲਾਈ ਦਾ ਪਰਦਾ ਫਾਸ਼ ਹੋਇਆ ਹੈ। ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਸਿਟੀ ਪੁਲੀਸ ਫਰੀਦਕੋਟ ਨੇ ਜੇਲ੍ਹ ਦੀ ਇੱਕ ਅਧਿਕਾਰੀ, ਗੈਂਗਸਟਰ ਅਤੇ ਕੈਦੀ ਖ਼ਿਲਾਫ਼ ਜੇਲ੍ਹ ਵਿੱਚ ਨਸ਼ਾ ਰੱਖਣ ਅਤੇ ਇਸ ਦੀ ਤਸਕਰੀ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਦੇ ਇੱਕ ਥਾਣੇਦਾਰ ਜਸਪਾਲ ਸਿੰਘ ਕੋਲੋਂ ਤਲਾਸ਼ੀ ਦੌਰਾਨ ਹੈਰੋਇਨ ਬਰਾਮਦ ਹੋਈ ਹੈ। ਜੋ ਕਥਿਤ ਤੌਰ ’ਤੇ ਜੇਲ੍ਹ ਸੈੱਲ ਵਿੱਚ ਬੰਦ ਗੈਂਗਸਟਰ ਕੁਲਦੀਪ ਸਿੰਘ ਉਰਫ਼ ਬੋਹੜਾ ਨੂੰ ਦਿੱਤੀ ਜਾਣੀ ਸੀ। ਗ੍ਰਿਫ਼ਤਾਰ ਕੀਤੇ ਗਏ ਜੇਲ੍ਹ ਅਧਿਕਾਰੀ ਨੇ ਪੁਲੀਸ ਕੋਲ ਖੁਲਾਸਾ ਕੀਤਾ ਹੈ ਕਿ ਉਸ ਕੋਲੋਂ ਬਰਾਮਦ ਹੋਇਆ ਨਸ਼ਾ ਗੈਂਗਸਟਰ ਬੋਹੜਾ ਨੂੰ ਦਿੱਤਾ ਜਾਣਾ ਸੀ। ਸਿਟੀ ਪੁਲੀਸ ਫਰੀਦਕੋਟ ਨੇ ਜੇਲ੍ਹ ਅਧਿਕਾਰੀ ਜਸਪਾਲ ਸਿੰਘ ਅਤੇ ਗੈਂਗਸਟਰ ਕੁਲਦੀਪ ਸਿੰਘ ਉਰਫ਼ ਬੋਹੜ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਖ਼ਿਲਾਫ਼ ਨਸ਼ਾ ਤਸਕਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸਿਟੀ ਪੁਲੀਸ ਫਰੀਦਕੋਟ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜਸਬੀਰ ਸਿੰਘ ਨਾਂ ਦੇ ਕੈਦੀ ਖ਼ਿਲਾਫ਼ ਵੀ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਸਬੀਰ ਸਿੰਘ ਕੋਲੋਂ ਵੀ ਜੇਲ੍ਹ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਸਹਾਇਕ ਜੇਲ੍ਹ ਸੁਪਰਡੰਟ ਸਰਾਜ ਮੁਹੰਮਦ ਨੇ ਕਿਹਾ ਕਿ ਤਲਾਸ਼ੀ ਦੌਰਾਨ ਜਸਬੀਰ ਸਿੰਘ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ।