ਜੋਗਿੰਦਰ ਸਿੰਘ ਮਾਨ
ਮਾਨਸਾ, 18 ਦਸੰਬਰ
ਇਸ ਖੇਤਰ ਵਿਚ ਹਵਾ ਵਿਚ ਨਮੀ ਦੀ ਘਾਟ ਕਾਰਨ ਸੁੱਕੀ ਠੰਢ ਪੈ ਰਹੀ ਹੈ ਜਿਸ ਨੇ ਫ਼ਸਲਾਂ ਦਾ ਵਾਧਾ ਰੋਕ ਦਿੱਤਾ ਹੈ। ਮੀਂਹ ਨਾ ਪੈਣ ਕਾਰਨ ਖੇਤੀਬਾੜੀ ਮਹਿਕਮੇ ਨੇ ਹਾੜੀ ਦੀਆਂ ਸਾਰੀਆਂ ਫ਼ਸਲਾਂ ਨੂੰ ਪਹਿਲਾ ਪਾਣੀ ਲਾਉਣ ਦੀ ਸਲਾਹ ਦਿੱਤੀ ਹੈ ਅਤੇ ਨਾਲ ਹੀ ਲੋੜੀਂਦੀ ਯੂਰੀਆ ਖਾਦ ਖਿਲਾਰਨ ਦੀ ਅਪੀਲ ਕੀਤੀ ਹੈ। ਮੀਂਹ ਨਾ ਪੈਣ ਕਾਰਨ ਬਰਾਨੀ ਖੇਤਾਂ ਵਿਚ ਖੜ੍ਹੀ ਸਰੋਂ, ਛੋਲੇ ਅਤੇ ਹੋਰ ਫ਼ਸਲਾਂ ਪਾਣੀ ਦੀ ਘਾਟ ਮਹਿਸੂਸ ਕਰਨ ਲੱਗੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਕਿਹਾ ਕਿ ਧੁੰਦਾਂ ਪੈਣ ਕਾਰਨ ਦਿਨ ਵੇਲੇ ਚੰਗੀ ਧੁੱਪ ਨਿਕਲਣੀ ਬੰਦ ਹੋਈ ਪਈ ਹੈ, ਜਿਸ ਕਾਰਨ ਕਣਕ ਸਮੇਤ ਹੋਰ ਤੇਲ ਬੀਜ ਅਤੇ ਫ਼ਲੀਦਾਰ ਸਾਰੀਆਂ ਫ਼ਸਲਾਂ ਨੂੰ ਪਾਣੀ ਦਿੱਤਾ ਜਾਣ ਜ਼ਰੂਰੀ ਹੋ ਗਿਆ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾ. ਰਾਜ ਕੁਮਾਰ ਪਾਲ ਅਨੁਸਾਰ ਮਾਲਵਾ ਖੇਤਰ ’ਚ ਅਗਲੇ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ 2 ਤੋਂ 5 ਡਿਗਰੀ ਰਹਿਣ ਦਾ ਅਨੁਮਾਨ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਲਈ 10 ਘੰਟੇ ਦਿਨ ਵੇਲੇ ਰੋਜ਼ਾਨਾ ਬਿਜਲੀ ਦਿੱਤੀ ਜਾਵੇ।