ਜਸਵੰਤ ਸਿੰਘ ਥਿੰਦ
ਮਮਦੋਟ, 21 ਅਕਤੂਬਰ
ਮਮਦੋਟ ਮੁੱਖ ਅਨਾਜ ਮੰਡੀ ਵਿੱਚ ਵੱਖ ਵੱਖ ਖ਼ਰੀਦ ਏਜੰਸੀਆਂ ਵੱਲੋਂ ਖਰੀਦ ਕੀਤੇ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਜਾਣਕਾਰੀ ਅਨੁਸਾਰ ਉਕਤ ਖ਼ਰੀਦ ਕੇਂਦਰ ਵਿੱਚ ਪਨਸਪ, ਮਾਰਕਫੈੱਡ, ਪਨਗ੍ਰੇਨ ਅਤੇ ਵੇਅਰਹਾਊਸ ਖ਼ਰੀਦ ਏਜੰਸੀਆਂ ਵੱਲੋਂ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ। ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੇ ਝੋਨੇ ਦੀ ਲਿਫਟਿੰਗ ਦੀ ਰਫਤਾਰ ਢਿੱਲੀ ਹੋਣ ਕਾਰਨ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਉਤਾਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਕਿਸਾਨ ਮੰਡੀਆਂ ਵਿੱਚ ਜਗ੍ਹਾ ਦੀ ਕਮੀ ਕਾਰਨ ਆਪਣੀ ਫਸਲ ਦੀ ਕਟਾਈ ਨਹੀਂ ਕਰਦੇ ਤਾਂ ਫ਼ਸਲ ਨੂੰ ਵੱਡੇ ਪੱਧਰ ’ਤੇ ਤੇਲੇ ਦੀ ਮਾਰ ਝੱਲਣੀ ਪੈ ਸਕਦੀ ਹੈ ਜਿਸ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ। ਮਾਰਕੀਟ ਕਮੇਟੀ ਮਮਦੋਟ ਅਧੀਨ ਆਉਂਦੇ ਗਿਆਰਾਂ ਖਰੀਦ ਕੇਂਦਰਾਂ ਵਿੱਚ ਹੁਣ ਤੱਕ ਵੱਖ ਵੱਖ ਖ਼ਰੀਦ ਏਜੰਸੀਆਂ ਵੱਲੋਂ 4 ਲੱਖ 95 ਹਜਾਰ 373 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਇੱਕ ਲੱਖ 39 ਹਜਾਰ 287 ਕੁਇੰਟਲ ਝੋਨੇ ਦੀ ਲਿਫਟਿੰਗ ਹੋ ਚੁੱਕੀ ਜਦ ਕਿ ਝੋਨੇ ਦੀ ਆਮਦ ਵਿਚ ਤੇਜ਼ੀ ਕਾਰਨ ਹੁਣ ਤਕ 5 ਲੱਖ ਇੱਕ ਹਜ਼ਾਰ 473 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਕਾਰਨ ਮੰਡੀਆਂ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਬਚੀ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਸਬੰਧੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਸੀ ਅਗਰ ਝੋਨੇ ਦੀ ਲਿਫਟਿੰਗ ਤੇਜ਼ੀ ਨਾ ਲਿਆਂਦੀ ਗਈ ਤਾਂ ਉਨ੍ਹਾਂ ਵੱਲੋਂ ਫ਼ਿਰੋਜ਼ਪੁਰ ਫ਼ਾਜ਼ਿਲਕਾ ਮਾਰਗ ਜਾਮ ਕੀਤਾ ਜਾਵੇਗਾ ਪਰ ਅਜੇ ਤੱਕ ਝੋਨੇ ਦੀ ਲਿਫਟਿੰਗ ਦਾ ਕੰਮ ਸਰਕਾਰੀ ਏਜੰਸੀਆਂ ਵੱਲੋਂ ਧੀਮੀ ਗਤੀ ਨਾਲ ਹੀ ਜਾਰੀ ਹੈ।
ਇਸ ਸਬੰਧੀ ਜਦੋਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਧਿਕਾਰੀ ਹਿਮਾਂਸ਼ੂ ਕੱਕੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਲਿਫਟਿੰਗ ਦੇ ਕੰਮ ਵਿੱਚ ਇੱਕ ਦੋ ਦਿਨਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਇਹ ਸਮੱਸਿਆ ਆ ਰਹੀ ਸੀ ਜਿਸ ਨੂੰ ਆਉਣ ਵਾਲੇ ਦਿਨਾਂ ਵਿਚ ਸਹੀ ਕਰ ਲਿਆ ਜਾਵੇਗਾ।