ਲਖਵੀਰ ਸਿੰਘ ਚੀਮਾ
ਟੱਲੇਵਾਲ, 17 ਜੁਲਾਈ
ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਇਸ ਦੇ ਬਾਵਜੂਦ ਡਰੇਨ ਵਿਭਾਗ ਨੇ ਅਜੇ ਤੱਕ ਡਰੇਨਾਂ ਅਤੇ ਨਾਲਿਆਂ ਦੀ ਸਫ਼ਾਈ ਤੱਕ ਨਹੀਂ ਕਰਵਾਈ। ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲਾਂ ਦੇ ਨੁਕਸਾਨ ਦਾ ਡਰ ਸਤਾ ਰਿਹਾ ਹੈ। ਸੂਬੇ ਵਿੱਚ ਜਦੋਂ ਕੋਈ ਆਫ਼ਤ ਆਉਂਦੀ ਹੈ ਤਾਂ ਸਰਕਾਰਾਂ ਅਤੇ ਪ੍ਰਸ਼ਾਸਨ ਸੱਪ ਲੰਘ ਜਾਣ ਉਪਰੰਤ ਲੀਹ ਕੁੱਟਣ ਤਕ ਸੀਮਤ ਰਹਿ ਜਾਂਦੀਆਂ ਹਨ।
ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ ਵਿੱਚੋਂ ਲੰਘਦੀ ਬੱਸੀਆਂ ਡਰੇਨ ਦਾ ਹਾਲ ਮਾੜਾ ਹੀ ਹੈ। ਪਿੰਡ ਚੱਕ ਦੇ ਪੁਲ, ਗਾਗੇਵਾਲ, ਸੱਦੋਵਾਲ, ਛੀਨੀਵਾਲ ਖ਼ੁਰਦ, ਦੀਵਾਨਾ ਅਤੇ ਨਰੈਣਗੜ੍ਹ ਸੋਹੀਆਂ ਪਿੰਡਾਂ ਵਿੱਚੋਂ ਲੰਘਦੀ ਡਰੇਨ ਜਿੱਥੇ ਨਾਜ਼ਾਇਬ ਕਬਜ਼ਿਆਂ ਦੀ ਮਾਰ ਹੇਠ ਹੈ, ਉਥੇ ਸਫ਼ਾਈ ਨਾ ਕੀਤੇ ਜਾਣ ਕਾਰਨ ਓਵਰਫ਼ਲੋ ਹੋ ਕੇ ਵਗ ਰਹੀ ਹੈ।
ਇਸ ਵੇਲੇ ਡਰੇਨ ਵਿੱਚ ਉੱਗੀ ਕੇਲੀ ਬੂਟੀ ਕਦੇ ਵੀ ਡਰੇਨ ਵਿਚ ਪਾੜ ਦਾ ਕਾਰਨ ਬਣ ਸਕਦੀ ਹੈ। ਇਸ ਕਾਰਨ ਕਿਸਾਨਾਂ ਅਤੇ ਨਾਲ ਲੰਘਦੇ ਪਿੰਡਾਂ ਦੇ ਵਾਸੀਆਂ ਦਾ ਨੁਕਸਾਨ ਹੋਣਾ ਸੁਭਾਵਿਕ ਹੀ ਹੈ। ਇਸ ਡਰੇਨ ਦਾ ਜਿੱਥੇ ਵੱਖ-ਵੱਖ ਪਿੰਡਾਂ ਵਿਚ ਨਾਜਾਇਜ਼ ਕਬਜ਼ਿਆਂ ਕਾਰਨ ਆਕਾਰ ਛੋਟਾ ਹੋ ਚੁੱਕਾ ਹੈ। ਉੱਥੇ ਵਿਭਾਗ ਵਲੋਂ ਇਸ ਦੀ ਸਫ਼ਾਈ ਵੀ ਨਹੀਂ ਕਰਵਾਈ ਗਈ। ਕਿਉਂਕਿ ਡਰੇਨਜ਼ ਵਿਭਾਗ ਅਤੇ ਪਿੰਡਾਂ ਦੇ ਲੋਕ ਭੰਬਲਭੂਸੇ ਵਿਚ ਹਨ ਕਿ ਇਹ ਰਕਬਾ ਬਰਨਾਲਾ, ਲੁਧਿਆਣਾ ਜਾਂ ਮੋਗਾ ਕਿਸ ਜ਼ਿਲ੍ਹੇ ਨਾਲ ਸਬੰਧਿਤ ਹੈ। ਇਸ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਡਰੇਨੇਜ਼ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਇਨ੍ਹਾਂ ਪਿੰਡਾਂ ਵਿੱਚੋਂ ਲੰਘਦੀ ਬੱਸੀਆਂ ਡਰੇਨ ਦੀ ਸਫ਼ਾਈ ਨਹੀਂ ਕਰਵਾ ਰਹੇ। ਇਸ ਡਰੇਨ ਵਿਚ ਵੱਡੀ ਪੱਧਰ ’ਤੇ ਘਾਹ, ਕੇਲੀ ਬੂਟੀ ਅਤੇ ਦਰੱਖਤ ਉੱਗ ਚੁੱਕੇ ਹਨ।
ਪਿੰਡ ਨਰੈਣਗੜ੍ਹ ਸੋਹੀਆਂ ਦੇ ਸਰਪੰਚ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਡਰੇਨ ਸਬੰਧੀ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨੂੰ ਇੱਕ ਵਾਰ ਨਹੀਂ ਸਗੋਂ ਵਾਰ ਵਾਰ ਸਫ਼ਾਈ ਸਬੰਧੀ ਮੰਗ ਕੀਤੀ ਜਾ ਚੁੱਕੀ ਹੈ, ਪਰ ਵਿਭਾਗ ਜਾਂ ਕਿਸੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਡਰੇਨ ਦੀ ਸਫ਼ਾਈ ਸਬੰਧੀ ਕੋਈ ਉੱਜਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਰ ਵਾਰ ਦੂਜੇ ਜ਼ਿਲ੍ਹੇ ਦਾ ਲਾਰਾ ਲਾ ਕੇ ਡੰਗ ਟਪਾ ਦਿੱਤਾ ਜਾਂਦਾ ਹੈ। ਇਸ ਵਾਰ ਇਹ ਡਰੇਨ ਪਾਣੀ ਦਾ ਪੱਧਰ ਵਧਣ ਅਤੇ ਸਫ਼ਾਈ ਨਾ ਹੋਣ ਕਾਰਨ ਨਾਲ ਲੱਗਦੇ ਪਿੰਡਾਂ ਲਈ ਖ਼ਤਰਾ ਬਣ ਸਕਦੀ ਹੈ।
ਇਸ ਸਬੰਧੀ ਰਾਏਕੋਟ ਅਤੇ ਜਗਰਾਓਂ ਨਾਲ ਸਬੰਧਤ ਐਸਡੀਓ ਨਵਜੋਤ ਸਿੰਘ ਨੇ ਕਿਹਾ ਕਿ ਇਹ ਰਕਬਾ ਬਰਨਾਲਾ ਨਾਲ ਸਬੰਧਿਤ ਡਰੇਨੇਜ਼ ਵਿਭਾਗ ਕੋਲ ਹੈ। ਇਸ ਸਬੰਧੀ ਡਰੇਨਜ ਵਿਭਾਗ ਬਰਨਾਲਾ ਦੇ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ।