ਪਵਨ ਗੋਇਲ
ਭੁੱਚੋ ਮੰਡੀ, 3 ਅਕਤੂਬਰ
ਪਿੰਡ ਲਹਿਰਾ ਮੁਹੱਬਤ ਵਾਸੀਆਂ ਨੇ ਪਿੰਡ ਬਾਠ ਨੂੰ ਜਾਂਦੀ ਸੜਕ ਦੀ ਮੁਰੰਮਤ ਕਰਨ ਦੇ ਮਾਮਲੇ ਵਿੱਚ ਕੋਈ ਸੁਣਵਾਈ ਨਾ ਕੀਤੇ ਜਾਣ ਕਾਰਨ ਅੱਜ ਬਲੀਕਰਨ ਧਰਮਸ਼ਾਲਾ ਵਿੱਚ ਇਕੱਠ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀਮਿੰਟ ਫੈਕਟਰੀ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਸੰਘਰਸ਼ ਲੜਨ ਲਈ 21 ਮੈਂਬਰੀ ਕਮੇਟੀ ਕਾਇਮ ਕਰ ਕੇ 7 ਅਕਤੂਬਰ ਨੂੰ ਸੀਮਿੰਟ ਫੈਕਟਰੀ ਵਿੱਚ ਆਉਣ ਜਾਣ ਵਾਲੇ ਟਰੱਕਾਂ ਦਾ ਚੱਕਾ ਜਾਮ ਕਰਨ ਅਤੇ ਬਠਿੰਡਾ ਦੇ ਡੀਸੀ ਦੀ ਅਰਥੀ ਫੂਕਣ ਦਾ ਫ਼ੈਸਲਾ ਲਿਆ।
ਇਸ ਮੌਕੇ ਇਲਕਲਾਬੀ ਕੇਂਦਰ ਪੰਜਾਬ ਦੇ ਸੁਬਾਈ ਕਮੇਟੀ ਮੈਂਬਰ ਜਗਜੀਤ ਸਿੰਘ ਸਿੱਧੂ, ਭਾਕਿਯੂ ਸਿੱਧੂਪੁਰ ਦੇ ਆਗੂ ਗੁਰਮੇਲ ਸਿੰਘ, ਭਾਕਿਯੂ ਡਕੌਂਦਾ (ਧਨੇਰ) ਦੇ ਸੁਖਚਰਨ ਸਿੰਘ ਅਤੇ ਭਾਕਿਯੂ ਕ੍ਰਾਂਤੀਕਾਰੀ ਦੇ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਸੀਮਿੰਟ ਫੈਕਟਰੀ ਵਿੱਚੋਂ ਟਰੱਕਾਂ ਦੀ ਆਵਾਜਾਈ ਕਾਰਨ ਲਹਿਰਾ ਮੁਹੱਬਤ ਤੋਂ ਪਿੰਡ ਬਾਠ ਨੂੰ ਜਾਂਦੀ ਸੜਕ ਟੁੱਟ ਗਈ ਹੈ। ਇਸ ਕਾਰਨ ਰਾਹਗੀਰਾਂ ਅਤੇ ਖੇਤਾਂ ਨੂੰ ਜਾਂਦੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕੁੱਝ ਦਿਨ ਪਹਿਲਾਂ ਸੀਮਿੰਟ ਫੈਕਟਰੀ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ, ਪਰ ਉਨ੍ਹਾਂ ਨੇ ਲੋਕਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਦਾ ਵਫ਼ਦ ਡੀਸੀ ਨੂੰ ਮਿਲਿਆ, ਉਨ੍ਹਾਂ ਨੇ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਇਸ ਕਾਰਨ ਸੱਤ ਅਕਤੂਬਰ ਨੂੰ ਟਰੱਕਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਦੌਰਾਨ ਹੋਏ ਨੁਕਸਾਨ ਲਈ ਡੀਸੀ ਬਠਿੰਡਾ ਤੇ ਸੀਮਿੰਟ ਫੈਕਟਰੀ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ।