ਬਲਜੀਤ ਸਿੰਘ
ਸਰਦੂਲਗੜ੍ਹ, 24 ਜੁਲਾਈ
ਘੱਗਰ ਤੋਂ ਪਾਰਲੇ 18 ਪਿੰਡਾਂ ਨੂੰ ਪੀਣ ਅਤੇ ਸਿੰਜਾਈ ਲਈ ਪਾਣੀ ਸਪਲਾਈ ਕਰਨ ਵਾਲੀ ਨਿਊ ਢੰਡਾਲ ਨਹਿਰ ਵਿੱਚ ਬੰਦੀ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਅਤੇ ਫਸਲਾਂ ਦੀ ਸਿੰਜਾਈ ਕਰਨ ਲਈ ਨਿਊ ਢੰਡਾਲ ਨਹਿਰ ਦੇ ਪਾਣੀ ਨੂੰ ਤਰਸ ਰਹੇ ਹਨ। ਬੇਸ਼ੱਕ ਹਲਕੇ ਦੇ ਕੁਝ ਪਿੰਡਾਂ ਵਿੱਚ ਬਰਸਾਤ ਹੋ ਚੁੱਕੀ ਹੈ ਪਰ ਬਲਾਕ ਘੱਗਰ ਤੋਂ ਪਰਲੇ ਇਨ੍ਹਾਂ ਅਠਾਰਾਂ ਪਿੰਡਾਂ ਵਿੱਚ ਅਜੇ ਤੱਕ ਬਰਸਾਤ ਨਾ ਹੋਣ ਕਾਰਨ ਫ਼ਸਲਾਂ ਮੱਚ ਰਹੀਆਂ ਹਨ ਅਤੇ ਨਹਿਰੀ ਪਾਣੀ ਦੀ ਬੰਦੀ ਕਾਰਨ ਕਿਸਾਨ ਆਪਣੀਆਂ ਫ਼ਸਲਾਂ ਦੀ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਸਿੰਜਾਈ ਕਰ ਰਹੇ ਹਨ।
ਇਸ ਸਬੰਧੀ ਕਿਸਾਨ ਲਾਲ ਚੰਦ ਸਰਦੂਲਗੜ੍ਹ, ਮੰਗਤ ਰਾਮ ਕਰੰਡੀ, ਕੇਵਲ ਸਿੰਘ ਰੋੜਕੀ, ਹਰਬੰਸ ਸਿੰਘ ਨਹਾਰਾ ਅਤੇ ਮਹਿੰਦਰ ਸਿੰਘ ਝੰਡਾ ਕਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡਾਂ ਨੂੰ ਪੀਣ ਲਈ ਪਾਣੀ ਅਤੇ ਫਸਲਾਂ ਦੀ ਸਿੰਜਾਈ ਲਈ ਭਾਖੜਾ ਮੇਨ ਨਹਿਰ ’ਚੋਂ ਨਿਕਲਣ ਵਾਲੀ ਨਿਊ ਢੰਡਾਲ ਨਹਿਰ ਤੋਂ ਪਾਣੀ ਦੀ ਸਪਲਾਈ ਹੁੰਦੀ ਹੈ। ਭਾਖੜਾ ਨਹਿਰ ਦੀ ਬਾਰਬੰਦੀ ਹਰਿਆਣਾ ਸਰਕਾਰ ਕੋਲ ਹੋਣ ਕਾਰਨ ਇਸ ਨਹਿਰ ਵਿਚ ਸਿਰਫ 8 ਦਿਨ ਪਾਣੀ ਚਲਦਾ ਹੈ ਅਤੇ 15 ਦਿਨ ਬੰਦ ਰਹਿੰਦਾ ਹੈ। ਇਸ ਕਰਕੇ ਇਨ੍ਹਾਂ ਪਿੰਡਾਂ ਨੂੰ ਪੀਣ ਲਈ ਅਤੇ ਨਹਿਰੀ ਪਾਣੀ ਦੀ ਭਾਰੀ ਕਿੱਲਤ ਆ ਰਹੀ ਹੈ। ਗਰਮੀ ਦਾ ਮੌਸਮ ਹੋਣ ਕਰਕੇ ਪਾਣੀ ਦੀ ਹੋਰ ਵੀ ਜ਼ਰੂਰਤ ਵਧ ਜਾਂਦੀ ਹੈ ਜੋ ਪੂਰੀ ਨਹੀਂ ਹੁੰਦੀ। ਉਨ੍ਹਾਂ ਸੂਬਾ ਸਰਕਾਰ ਸਬੰਧਤ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪਿੰਡਾਂ ਨੂੰ ਪੀਣ ਲਈ ਅਤੇ ਸਿੰਜਾਈ ਲਈ ਨਹਿਰੀ ਪਾਣੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ।
ਇਸ ਸਬੰਧੀ ਨਹਿਰੀ ਵਿਭਾਗ ਦੇ ਜੇ.ਈ. ਅਮਨ ਕੁਮਾਰ ਦਾ ਕਹਿਣਾ ਹੈ ਕਿ ਇਸ ਨਹਿਰ ਦੇ ਕਿਨਾਰੇ ਜ਼ਿਆਦਾ ਕਮਜ਼ੋਰ ਹੋ ਗਏ ਹਨ। ਇਸ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਚੰਡੀਗੜ੍ਹ ਉੱਚ ਅਧਿਕਾਰੀਆਂ ਕੋਲ ਫਾਈਲ ਭੇਜੀ ਗਈ ਹੈ। ਮਨਜ਼ੂਰੀ ਆਉਣ ’ਤੇ ਇਹ ਨਹਿਰ ਨਵੇ ਸਿਰੇ ਤੋਂ ਬਣਾਈ ਜਾਵੇਗੀ ਤੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ।