ਪੱਤਰ ਪ੍ਰੇਰਕ
ਭੁੱਚੋ ਮੰਡੀ, 10 ਅਕਤੂਬਰ
ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਮਾਰਬਲ ਮਾਰਕੀਟ ਨਜ਼ਦੀਕ ਸਰਵਿਸ ਰੋਡ ਕਿਨਾਰੇ ਉੱਗੀਆਂ ਝਾੜੀਆਂ ਅਤੇ ਵੱਡੀ ਮਾਤਰਾ ਵਿੱਚ ਪਈ ਰੇਤ ਦੁਪਈਆ ਵਾਹਨ ਚਾਲਕਾਂ ਦੀ ਜਾਨ ਦਾ ਖੌਅ ਬਣੀਆਂ ਹੋਈਆਂ ਹਨ। ਮਾਰਬਲ ਮਾਰਕੀਟ ਦੇ ਦੁਕਾਨਦਾਰ ਅਤੇ ਸਮਾਜ ਸੇਵੀ ਕੇਵਲ ਕ੍ਰਿਸ਼ਨ, ਸੁਰੇਸ਼ ਕੁਮਾਰ ਅਤੇ ਭੂਸ਼ਨ ਕੁਮਾਰ ਨੇ ਦੱਸਿਆ ਕਿ ਜਦੋਂ ਇਸ ਸਰਵਿਸ ਰੋਡਾਂ ਤੋਂ ਕੋਈ ਵੱਡਾ ਵਾਹਨ ਲੰਘਦਾ ਹੈ, ਤਾਂ ਫੁੱਟਪਾਥ ਦੇ ਨਾਲ ਲੱਗਦੇ ਰੇਤੇ ਦੇ ਢੇਰਾਂ ਕਾਰਨ ਮੋਟਰਸਾਈਕਲ ਅਤੇ ਸਕੂਟਰ ਸਵਾਰਾਂ ਨੂੰ ਰੇਤ ਅਤੇ ਝਾੜੀਆਂ ਵਿੱਚੋਂ ਲੰਘਣਾ ਪੈਂਦਾ ਹੈ। ਅਜਿਹੇ ਵਿੱਚ ਉਨ੍ਹਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਹਾਦਸੇ ਵਾਪਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ ਕਈ ਦੁਪਈਆ ਵਾਹਨ ਚਾਲਕਾਂ ਨੂੰ ਸੱਟਾਂ ਲੱਗ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਬਣੀ ਇਸ ਸਮੱਸਿਆ ਨੂੰ ਕੌਮੀ ਮਾਰਗ ਅਥਾਰਟੀ ਦੇ ਅਧਿਕਾਰੀਆਂ ਨੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ।