ਮਨੋਜ ਸ਼ਰਮਾ
ਬਠਿੰਡਾ, 8 ਮਈ
ਇੱਥੇ ਗੋਨਿਆਣਾ-ਜੈਤੋ ਰੋਡ ਉੱਤੇ ਮਹਿੰਦਰ ਸਿੰਘ ਐਂਡ ਕੰਪਨੀ ਦੇ ਓਪਨ ਗੋਦਾਮ ਵਿੱਚ ਦੁਪਹਿਰ ਨੂੰ 1 ਵਜੇ ਅੱਗ ਲੱਗ ਗਈ। ਗੌਰਤਲਬ ਹੈ ਕਿ ਫੂਡ ਏਜੰਸੀ ਪਨਗਰੇਨ ਵੱਲੋਂ ਉਕਤ ਓਪਨ ਗੋਦਾਮ ਵਿੱਚ ਕਣਕ ਦੇ ਭੰਡਾਰ ਰੱਖੇ ਗਏ ਹਨ। ਗੋਦਾਮ ਵਿਚਲੇ ਸੂਤਰਾਂ ਮੁਤਾਬਕ ਇਨ੍ਹਾਂ ਓਪਨ ਗੁਦਾਮਾਂ ਦੇ 8 ਚੱਕਿਆਂ ਨੂੰ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਗੋਦਾਮ ਵਿੱਚ ਲੱਗੀ ਪਾਣੀ ਵਾਲੀ ਬੰਬੀ ਨੇ ਇਸ ਲਈ ਕੰਮ ਨਹੀਂ ਕੀਤਾ ਕਿਉਂਕਿ ਬਿਜਲੀ ਦਾ ਕੱਟ ਲੱਗਿਆ ਹੋਇਆ ਸੀ। ਇਸ ਦੌਰਾਨ ਅੱਗ ਦਾ ਭਿਆਨਕ ਰੂਪ ਦੇਖ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ।
ਮੌਕੇ ਦੇ ਲੀਡਿੰਗ ਫ਼ਾਇਰਮੈਨ ਲਖਵੀਰ ਸਿੰਘ ਅਤੇ ਟੀਮ ਵੱਲੋਂ 3 ਘੰਟੇ ਦੀ ਮੁਸ਼ੱਕਤ ਕਰਨ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ ਸਬੰਧੀ ਭਾਵੇਂ ਵਿਭਾਗ ਦੇ ਇੰਸਪੈਕਟਰ ਵੱਲੋਂ ਸਿਰਫ ਬਾਰਦਾਨੇ ਦੇ ਨੁਕਸਾਨ ਬਾਰੇ ਪੁਸ਼ਟੀ ਕਰਦਿਆਂ ਇਹ ਕਿਹਾ ਗਿਆ ਕਿ ਕਣਕ ਦਾ ਬਚਾਅ ਹੋ ਗਿਆ ਪਰ ਅੱਗ ਲੱਗਣ ਕਾਰਨ ਕੱਚੀ ਭੁੰਨੀ ਹੋਈ ਕਣਕ ਦਾ ਕੀ ਬਣਿਆ ਇਹ ਸਿਰਫ ਮਹਿਕਮਾ ਹੀ ਜਾਣਦਾ ਹੈ।
ਇਸ ਦੌਰਾਨ ਪਨਗ੍ਰੇਨ ਦੇ ਇੰਸਪੈਕਟਰ ਭਵਦੀਪ ਬਾਂਸਲ ਨੇ ਦੱਸਿਆ ਕਿ ਬੀੜੀ ਜਾਂ ਸਿਗਰਟ ਦਾ ਟੋਟਾ ਡਿੱਗਣ ਕਾਰਨ ਅੱਗ ਲੱਗੀ ਹੋ ਸਕਦੀ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ 10 ਹਜ਼ਾਰ ਗੱਟਾ ਬਾਰਦਾਨਾ ਸੜ ਗਿਆ ਹੈ। ਸੜੇ ਹੋਏ ਬਾਰਦਾਨੇ ਦੀ ਕੀਮਤ ਤਕਰੀਬਨ 4 ਲੱਖ 50 ਹਜ਼ਾਰ ਰੁਪਏ ਬਣਦੀ ਹੈ।