ਨਵਕਿਰਨ ਸਿੰਘ
ਮਹਿਲ ਕਲਾਂ, 4 ਨਵੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਵਿੱਚ ਅਧਿਆਪਕਾਂ ਦੀ ਘਾਟ ਤੋਂ ਪ੍ਰੇਸ਼ਾਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਗੇਟ ਅੱਗੇ ਧਰਨਾ ਦਿੱਤਾ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਦਿਆਰਥੀਆਂ ਤੇ ਮਾਪਿਆਂ ਨੇ ਸਕੂਲ ’ਚ ਖਾਲੀ ਆਸਾਮੀਆਂ ਫੌਰੀ ਭਰਨ ਦੀ ਮੰਗ ਕੀਤੀ। ਪਿੰਡ ਦੇ ਪੰਚ ਜਸਵਿੰਦਰ ਸਿੰਘ ਮਾਂਗਟ, ਸਾਬਕਾ ਸਰਪੰਚ ਨਾਥ ਸਿੰਘ ਹਮੀਦੀ, ਪੰਚ ਅਮਰ ਸਿੰਘ ਚੋਪੜਾ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਬਲਰਾਜ ਸਿੰਘ ਹਮੀਦੀ, ਕੇਵਲ ਸਿੰਘ ਹਮੀਦੀ, ਜਗਜੀਤ ਸਿੰਘ ਸਰਾ ਤੇ ਗੁਰਪ੍ਰਕਾਸ਼ ਸਿੰਘ ਠੁੱਲੀਵਾਲ ਨੇ ਕਿਹਾ ਕਿ ਸ਼ੈਸ਼ਨ ਦੇ ਬਿਲਕੁਲ ਵਿਚਕਾਰ ਪੜ੍ਹਾਈ ਦੇ ਦਿਨਾਂ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਕਾਰਨ ਸਕੂਲ ਅੰਦਰ ਪੜ੍ਹਾਈ ਦਾ ਬੁਰਾ ਹੈ। ਇਸ ਮੌਕੇ ਸਕੂਲ ਇੰਚਾਰਜ ਸ਼ਕੁੰਤਲਾ ਦੇਵੀ ਨੇ ਧਰਨੇ ਵਿੱਚ ਪੁੱਜ ਕੇ ਵਿਸ਼ਵਾਸ ਦਿਵਾਇਆ ਕਿ ਸਾਰਾ ਮਾਮਲਾ ਜ਼ਿਲ੍ਹਾ ਸਿੱਖਿਆ ਅਫਸਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਉੱਚ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੀ ਘਾਟ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ। ਪਿੰਡ ਵਾਸੀਆਂ ਤੇ ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਅਧਿਆਪਕਾਂ ਦੀ ਘਾਟ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਉਹ ਮੁੜ ਸੰਘਰਸ਼ ਸ਼ੁਰੂ ਕਰਨਗੇ।