ਪੱਤਰ ਪ੍ਰੇਰਕ
ਮਾਨਸਾ, 3 ਮਈ
ਪੰਜਾਬ ਸਰਕਾਰ ਦੇ ਹੁਕਮਾਂ ਮਗਰੋਂ ਸੈਂਕੜੇ ਨੌਜਵਾਨ ਮੁੰਡੇ-ਕੁੜੀਆਂ ਦੇ ਵਿਆਹ ਤੇ ਖੁਸ਼ੀਆਂ-ਗ਼ਮੀਆਂ ਦੇ ਕਈ ਸਮਾਗਮ ਕਰੋਨਾ ਦੀ ਭੇਟ ਚੜ੍ਹ ਗਏ ਹਨ। ਮਾਲਵਾ ਖੇਤਰ ਦੇ ਸੈਂਕੜੇ ਮਹਾਜਨ ਪਰਿਵਾਰਾਂ ਨੇ ਦਸੰਬਰ ਵਿੱਚ ਤਾਰਾ ਲੱਗਣ ਤੋਂ ਬਾਅਦ ਆਪਣੇ ਵਿਆਹ ਅੱਗੇ ਪਾਏ ਹੋਏ ਸਨ ਤੇ ਇਹ ਤਾਰਾ ਅਪਰੈਲ ਦੇ ਤੀਜੇ ਹਫ਼ਤੇ ਹਟਿਆ ਹੈ। ਇਸ ਕਾਰਨ ਇਨ੍ਹਾਂ ਲੋਕਾਂ ਵੱਲੋਂ ਅੱਜ ਕੱਲ੍ਹ ਦਿਨ-ਰਾਤ ਦੇ ਵਿਆਹ ਰੱਖੇ ਹੋਏ ਸਨ, ਪਰ ਪੰਜਾਬ ਸਰਕਾਰ ਵੱਲੋਂ ਵਿਆਹ ਸਮਾਗਮਾਂ ਵਿੱਚ 20 ਤੋਂ ਵੱਧ ਵਿਅਕਤੀ ਦੋਹਾਂ ਪਾਸਿਆਂ ਤੋਂ ਇਕੱਠੇ ਹੋਣ ’ਤੇ ਲਾਈ ਪਾਬੰਦੀ ਨੇ ਖੁਸ਼ੀਆਂ-ਖੇੜਿਆਂ ਨੂੰ ਮਧੋਲ ਕੇ ਰੱਖ ਦਿੱਤਾ ਹੈ। ਵੇਰਵਿਆਂ ਅਨੁਸਾਰ ਸੈਂਕੜੇ ਲੋਕਾਂ ਨੇ ਆਪਣੇ ਧੀਆਂ-ਪੁੱਤਾਂ ਦੇ ਵਿਆਹਾਂ ਲਈ ਸੱਦਾ ਪੱਤਰ ਅਤੇ ਮਠਿਆਈਆਂ ਦੇ ਡੱਬੇ ਵੰਡੇ ਸਨ, ਜਿਨ੍ਹਾਂ ਨੂੰ ਹੁਣ ਨਵੀਂਆਂ ਪਾਬੰਦੀਆਂ ਤੋਂ ਬਾਅਦ ਰੱਦ ਕਰਨਾ ਪਿਆ ਹੈ ਜਾਂ ਅੱਗੇ ਪਾਇਆ ਗਿਆ। ਮਾਨਸਾ ਤੋਂ ਝੁਨੀਰ ਬੱਸ ਦੇ ਮੈਨੇਜਰ ਰਾਜ ਕੁਮਾਰ ਜਿੰਦਲ ਨੇ ਆਪਣੇ ਪੁੱਤਰ ਦਾ ਵਿਆਹ ਅੱਗੇ ਪਾਇਆ ਹੈ। ਸਮਾਗਮ ਅੱਗੇ ਪਾਉਣ ਨਾਲ ਇਕੱਲੇ ਮੈਰਿਜ ਪੈਲੇਸਾਂ ਵਾਲੇ ਹੀ ਘਾਟੇ ਦਾ ਸ਼ਿਕਾਰ ਨਹੀਂ ਹੋਏ, ਸਗੋਂ ਇਨ੍ਹਾਂ ਹੁਕਮਾਂ ਨੇ ਡੀ.ਜੇ ਵਾਲੇ, ਕੈਟਰਿੰਗ ਵਾਲੇ, ਫੋਟੋਗ੍ਰਾਫਰ ਤੇ ਕੱਪੜੇ ਵਾਲਿਆਂ ਸਣੇ ਕਈਆਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ।