ਲਖਵਿੰਦਰ ਸਿੰਘ
ਮਲੋਟ, 17 ਜੁਲਾਈ
ਦੋ ਦਿਨ ਲਗਾਤਾਰ ਪਏ ਤੇਜ਼ ਮੀਂਹ ਕਾਰਨ ਦਰਜਨਾਂ ਤੋਂ ਵਧ ਪਿੰਡਾਂ ਵਿਚ ਹੜ੍ਹਾਂ ਦੀ ਸਥਿਤੀ ਬਣ ਚੁੱਕੀ ਹੈ। ਪਿੰਡ ਪੱਕੀ ਦੇ ਕਰੀਬ 400 ਏਕੜ ਰਕਬੇ ਵਿਚ ਝੋਨਾ, ਨਰਮਾ, ਪੱਠੇ ਤੇ ਸਬਜ਼ੀਆਂ ਆਦਿ ਖ਼ਤਮ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਪਿੰਡ ਈਨਾ ਖੇੜਾ, ਵਿਰਕਾਂ, ਝੋਰੜ, ਆਲਮਵਾਲਾ, ਭੁੱਦੜ, ਖਾਨੇ ਕੀ ਢਾਬ ਆਦਿ ਦਰਜਨਾਂ ਹੋਰ ਪਿੰਡਾਂ ਵਿਚ ਪਾਣੀ ਕਰਕੇ ਸਥਿਤੀ ਗੰਭੀਰ ਬਣੀ ਹੋਈ ਹੈ। ਇਸ ਸਥਿਤੀ ਦੇ ਚਲਦਿਆਂ ਡਰੇਨ ਅਤੇ ਖੇਤੀਬਾੜੀ ਵਿਭਾਗ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਆਦਿ ਵੀ ਪਿੰਡਾਂ ਵਿੱਚ ਲੋਕਾਂ ਨੂੰ ਰਾਹਤ ਦਿਵਾਉਣ ਲਈ ਰਾਬਤਾ ਕਾਇਮ ਕਰ ਰਹੇ ਹਨ। ਕਈ ਥਾਈਂ ਖੇਤਾਂ ਵਿਚ 5-5 ਫੁੱਟ ਪਾਣੀ ਖੜ੍ਹ ਗਿਆ ਹੈ। ਪਿੰਡ ਈਨਾਂ ਖੇੜਾ ਦੇ ਸੁਖਬੀਰ ਸਿੰਘ, ਕਾਰਜ ਸਿੰਘ, ਲਖਵਿੰਦਰ ਸਿੰਘ, ਸਰਪੰਚ ਗੁਰਨਾਮ ਸਿੰਘ, ਪੱਕੀ ਦੇ ਅਨਮੋਲਪ੍ਰੀਤ ਸਿੰਘ, ਪਲਵਿੰਦਰ ਸੰਧੂ, ਬੁਰਜ ਸਿੱਧਵਾਂ ਦੇ ਦਵਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਹੁਣ ਝੋਨੇ ਤੇ ਨਰਮੇ ਦੇ ਨਾਲ ਨਾਲ ਪੱਠੇ ਤੇ ਸਬਜ਼ੀਆਂ ਵੀ ਪੂਰੀ ਤਰ੍ਹਾਂ ਖਤਮ ਹੋ ਚੁੱਕੀਆਂ ਹਨ। ਘਰ ਤੇ ਢਾਣੀਆਂ ’ਚ ਗੋਡੇ-ਗੋਡੇ ਪਾਣੀ ਚੜ੍ਹ ਗਿਆ, ਰਸਤੇ ਬੰਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ 1997 ਵਿਚ ਬਣੀ ਸੀ। ਪਿੰਡ ਪੱਕੀ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲਾਗਿਉਂ ਲੰਘਦੇ ਸੇਮ ਨਾਲੇ ਕਰਕੇ ਹੀ ਅਜਿਹੀ ਸਥਿਤੀ ਬਣੀ ਹੈ ਕਿਉਂਕਿ ਸੇਮ ਨਾਲਾ ਸਿਆਸੀ ਦਖ਼ਲਅੰਦਾਜ਼ੀ ਕਾਰਨ ਨਕਸ਼ੇ ਤੇ ਢਾਲ ਅਨੁਸਾਰ ਨਹੀਂ ਬਣਿਆ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ ਲਾਗਲੇ ਪਿੰਡ ਉਦੇਕਰਨ ਦੀ ਕਰੀਬ ਤਿੰਨ ਸੌ ਏਕੜ ਫ਼ਸਲ ਮੀਂਹ ਦੇ ਪਾਣੀ ਕਾਰਨ ਬਰਬਾਦ ਹੋ ਗਈ ਹੈ। ਪਿੰਡ ਦੇ ਕਿਸਾਨਾਂ ਨੇ ਦੱਸਿਆ ਕਰੀਬ ਦਰਜਨ ਭਰ ਪਿੰਡਾਂ ਵਿੱਚੋਂ ਬਾਰਸ਼ਾਂ ਦਾ ਪਾਣੀ ਇਸ ਪਿੰਡ ਵਿੱਚ ਇਕੱਠਾ ਹੋ ਜਾਂਦਾ ਹੈ ਕਿਉਂਕਿ ਅੱਗੇ ਨਿਕਾਸੀ ਨਹੀਂ ਹੁੰਦੀ। ਇਹ ਵਰਤਾਰਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਬਰਬਾਦ ਹੋਈ ਫ਼ਸਲ ਵਿੱਚ ਵੱਡਾ ਹਿੱਸਾ ਨਰਮੇ ਦੀ ਫਸਲ ਦਾ ਹੈ। ਮੀਂਹ ਦਾ ਪ੍ਰਕੋਪ ਅਜੇ ਵੀ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਨਾਲ ਹੀ ਮੁਆਵਜ਼ੇ ਦੀ ਮੰਗ ਕੀਤੀ ਹੈ।
ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ
ਜਲਾਲਾਬਾਦ/ਫਾਜ਼ਿਲਕਾ (ਪਰਮਜੀਤ ਸਿੰਘ): ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਲਾਲਾਬਾਦ ਸ਼ਹਿਰ ਦੇ ਨਾਲ ਲੱਗਦੇ ਪਿੰਡ ਟਿਵਾਣਾ ਕਲਾਂ ਦੇ ਇੱਕ ਘਰ ’ਚ ਮਕਾਨ ਦੀ ਛੱਤ ਡਿੱਗਣ ਨਾਲ ਭਾਵੇਂ ਪਰਿਵਾਰਿਕ ਮੈਂਬਰ ਤਾਂ ਵਾਲ ਵਾਲ ਬੱਚ ਗਏ, ਪਰ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹੋ ਗਿਆ। ਪੀੜਤ ਪਰਿਵਾਰ ਦੇ ਮੁਖੀ ਲਖਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਨੇ ਦੱਸਿਆ ਕਿ ਉਸ ਦਾ ਬਿਮਾਰ ਪਿਤਾ ਆਪਣੇ ਕਮਰੇ ’ਚ ਬੈਠਾ ਹੋਇਆ ਸੀ ਤਾਂ ਅਚਾਨਕ ਛੱਤ ’ਚੋਂ ਮਿੱਟੀ ਡਿੱਗੀ ਤਾਂ ਉਸ ਨੇ ਬੜੀ ਹੀ ਮੁਸ਼ਕਲ ਨਾਲ ਜਾਨ ਬਚਾਈ ਤੇ ਰੌਲਾ ਪਾਉਣ ’ਤੇ ਆਂਢ ਗੁਆਂਢ ਦੇ ਲੋਕ ਇਕੱਠੇ ਹੋਏ ਗਏ ਅਤੇ ਜਿਨ੍ਹਾਂ ਨੇ ਮਲਬੇ ਹੇਠੇ ਨੁਕਸਾਨਿਆ ਸਾਮਾਨ ਬਾਹਰ ਕੱਢਿਆ। ਪੀੜਿਤ ਪਰਿਵਾਰ ਨੇ ਮੁੱਖ ਮੰਤਰੀ ਸਣੇ ਸਮਾਜ ਸੇਵੀ ਸੰਸਥਾਵਾਂ ਪਾਸੋ ਮਦਦ ਲਈ ਬੇਨਤੀ ਕੀਤੀ ਹੈ।
ਗੁਰਦੁਆਰੇ ਦੇ ਲੰਗਰ ਹਾਲ ਦੀ ਛੱਤ ਡਿੱਗੀ
ਸਾਦਿਕ (ਗੁਰਪ੍ਰੀਤ ਸਿੰਘ): ਭਰਵੀਂ ਬਾਰਸ਼ ਕਾਰਨ ਇੱਥੇ ਗੁਰਦੁਆਰਾ ਸੁਖਮਣੀ ਸਾਹਿਬ ਦੇ ਲੰਗਰ ਹਾਲ ਦੀ ਛੱਤ ਡਿੱਗ ਪਈ, ਗ੍ਰੰਥੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੰਗਰਾਂਦ ਕਾਰਨ ਗੁਰੂ ਘਰ ਵਿੱਚ ਕੀਰਤਨ ਸਮਾਗਮ ਚੱਲ ਰਿਹਾ ਸੀ ਉਪਰੰਤ ਸੰਗਤ ਵੱਲੋਂ ਇਸੇ ਬਿਲਡਿੰਗ ਹੇਠ ਲੰਗਰ ਪ੍ਰਸ਼ਾਦਾ ਛਕਿਆ ਤੇ ਸੰਗਤ ਅਤੇ ਸੇਵਾਦਾਰਾਂ ਦੇ ਜਾਣ ਤੋਂ ਕੁੱਝ ਮਿੰਟ ਬਾਅਦ ਹੀ ਛੱਤ ਡਿੱਗ ਪਈ ਜਿਸ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਲੰਗਰ ਤਿਆਰ ਕਰਨ ਦਾ ਸਾਮਾਨ ਤੇ ਰਸਦ ਮਲਬੇ ਹੇਠ ਦੱਬ ਕੇ ਖਰਾਬ ਹੋ ਗਏ, ਜਿਕਰਯੋਗ ਹੈ ਕਿ ਅੱਸੀ ਦੇ ਦਹਾਕੇ ਵਿੱਚ ਬਣੀ ਇਸ ਬਿਲਡਿੰਗ ਦੀ ਹਾਲਤ ਕਾਫੀ ਖਰਾਬ ਸੀ।
ਵਿਭਾਗ ਦੇ ਖੀਸੇ ਖਾਲੀ; ਸਥਿਤੀ ਨਾਲ ਨਿਪਟਣ ਲਈ ਪ੍ਰਬੰਧ ਕਿਵੇਂ ਕਰਨ ਅਧਿਕਾਰੀ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਖੇਤਰ ਵਿੱਚ ਮੀਂਹਾਂ ਤੋਂ ਬਾਅਦ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਡਿਪਟੀ ਕਮਿਸ਼ਨਰਾਂ ਨੂੰ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਕੋਈ ਵੱਖਰਾ ਫੰਡ ਨਹੀਂ ਭੇਜਿਆ ਗਿਆ, ਜਦੋਂ ਕਿ ਮੌਸਮ ਵਿਭਾਗ ਵੱਲੋਂ ਰਾਜ ਵਿਚ ਅਗਲੇ ਦਿਨਾਂ ਦੌਰਾਨ ਲਗਾਤਾਰ ਮੀਂਹ ਪੈਣ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਭਾਵੇਂ ਸਰਕਾਰ ਨੂੰ ਮੌਨਸੂਨ ਪੌਣਾਂ ਤੋਂ ਡਰ ਲੱਗਣ ਲੱਗਿਆ ਹੈ। ਸਰਕਾਰ ਵਲੋਂ ਜ਼ਿਲ੍ਹਿਆਂ ਵਿਚਲੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਸਬੰਧੀ ਸੁਚੇਤ ਰਹਿਣ ਦੀ ਹਦਾਇਤ ਵੀ ਕਰ ਦਿੱਤੀ ਗਈ ਹੈ, ਪਰ ਖਾਲੀ ਖੀਸੇ ਅਧਿਕਾਰੀਆਂ ਨੂੰ ਹੜ੍ਹਾਂ ਸਬੰਧੀ ਅਗੇਤੇ ਪ੍ਰਬੰਧ ਕਰਨ ’ਚ ਦਿਕੱਤ ਖੜ੍ਹੀ ਕਰ ਰਹੇ ਹਨ।
ਵੈਸੇ ਇਨ੍ਹਾਂ ਹਕੂਮਤੀ ਹੁਕਮਾਂ ਨੂੰ ਮੰਨਦਿਆਂ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਹੁਣ ਦਿਨ-ਰਾਤ ਚੌਕਸ ਰਹਿਣ ਦੀ ਲੋੜ ਹੈ। ਬਹੁਤੇ ਮਹਿਕਮਿਆਂ ਦੇ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਇਸ ਔਖੀ ਘੜੀ ਵਿੱਚ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਉਨ੍ਹਾਂ ਕੋਲ ਵੱਖਰੇ ਤੌਰ ’ਤੇ ਕੋਈ ਫੰਡ ਨਹੀਂ ਹਨ, ਸਗੋਂ ਲੋੜ ਪੈਣ ’ਤੇ ਉਧਾਰ ਨਾਲ ਗੱਡੀ ਰੋੜ੍ਹੀ ਜਾ ਸਕਦੀ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਡਰੇਨੇਜ਼ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਬਹੁਤੀਆਂ ਡਰੇਨਾਂ ਦੀ ਸਫ਼ਾਈ ਕਰਵਾਈ ਹੀ ਨਹੀਂ ਗਈ ਅਤੇ ਜੇਕਰ ਕਿਤੇ ਸ਼ੁਰੂ ਵੀ ਕੀਤੀ ਗਈ ਹੈ ਤਾਂ ਉਹ ਫੰਡਾਂ ਦੀ ਘਾਟ ਕਾਰਨ ਅੱਧ-ਵਿਚਾਲੇ ਹੀ ਰਹਿ ਗਈ ਹੈ। ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਪਿੰਡ ਵਿਚੋਂ ਲੰਘਦੀ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਓਵਰਫਲੋ ਹੋਕੇ ਪਿੰਡ ਵਿੱਚ ਵੜਨਾ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਕਿਹਾ ਕਿ ਸਾਰੇ ਅਧਿਕਾਰੀ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਰਹਿਣ।