ਪੱਤਰ ਪ੍ਰੇਰਕ
ਸਰਦੂਲਗੜ੍ਹ, 31 ਜੁਲਾਈ
ਪਿੰਡ ਆਹਲੂਪੁਰ ਵਿੱਚ ਇੱਕ ਕਿਸਾਨ ਨੇ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਕਾਰਨ ਤਿੰਨ ਏਕੜ ਨਰਮੇ ਦੀ ਫਸਲ ਵਾਹਅ ਦਿੱਤੀ ਹੈ। ਇਸ ਸਬੰਧੀ ਕਿਸਾਨ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਬੀਜ ਲੈ ਕੇ ਤਿੰਨ ਏਕੜ ਨਰਮੇ ਦੀ ਬਿਜਾਈ ਕੀਤੀ ਸੀ ਤੇ ਮਹਿਕਮੇ ਮੁਤਾਬਿਕ ਹੀ ਕੀਟਨਾਸ਼ਕਾਂ ਦੇ ਛਿੜਕਾਅ ਕੀਤੇ ਸਨ। ਇਸ ਦੇ ਬਾਵਜੂਦ ਫਸਲ ’ਤੇ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਹਮਲਾ ਕਰ ਦਿੱਤਾ ਤੇ ਹੁਣ ਉਸ ਨੂੰ ਫ਼ਸਲ ਵਾਹੁੰਣੀ ਪਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਸ ਦਾ ਪ੍ਰਤੀ ਏਕੜ ਪੰਦਰਾਂ ਹਜ਼ਾਰ ਰੁਪਏ ਖ਼ਰਚ ਆ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਨਰਮੇ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਲਗਾਤਾਰ ਪੈ ਰਹੇ ਮੀਂਹ ਕਾਰਨ ਨਰਮੇ ਤੇ ਗੁਆਰੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਿਕ ਚਿੱਟੀ ਮੱਖੀ, ਤੇਲਾ ਤੇ ਮੀਂਹ ਕਾਰਨ ਖ਼ਰਾਬ ਹੋ ਰਹੇ ਨਰਮੇ ਦੀ ਫ਼ਸਲ ਨੂੰ ਕਿਸਾਨਾਂ ਨੇ ਵਾਹੁੰਣਾ ਸ਼ੁਰੂ ਕਰ ਦਿੱਤਾ ਹੈ। ਬਾਜੇਕਾਂ ਤੋਂ ਇਲਾਵਾ ਹੋਰਨਾਂ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਨਰਮੇ ਤੇ ਗੁਆਰੇ ਦੀ ਫ਼ਸਲ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਫ਼ਸਲ ਸੁੱਕਣੀ ਸ਼ੁਰੂ ਹੋ ਗਈ ਹੈ। ਲਗਾਤਾਰ ਨਮੀ ਬਣੀ ਰਹਿਣ ਕਾਰਨ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਤੇ ਤੇਲੇ ਨੇ ਹਮਲਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਝੜੀ ਕਾਰਨ ਨਰਮੇ ’ਤੇ ਸਪਰੇਅ ਨਾ ਹੋਣ ਕਾਰਨ ਫ਼ਸਲ ਕਾਫੀ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਬਿਮਾਰੀ ਤੇ ਲਗਾਤਾਰ ਪਾਣੀ ਖੜ੍ਹੇ ਰਹਿਣ ਕਾਰਨ ਕਿਸਾਨ ਹੁਣ ਨਰਮੇ ਦੀ ਫ਼ਸਲ ਨੂੰ ਖੇਤ ਵਿੱਚ ਹੀ ਵਾਹੁੰਣ ਲਈ ਮਜਬੂਰ ਹੋ ਰਹੇ ਹਨ।