ਪਵਨ ਗੋਇਲ
ਭੁੱਚੋ ਮੰਡੀ, 18 ਅਗਸਤ
ਸ਼ਹਿਰ ਵਾਸੀਆਂ ਵੱਲੋਂ ਭੁੱਚੋ ਮੰਡੀ ਵਿੱਚ ਪੁਲੀਸ ਤੇ ਪ੍ਰਸ਼ਾਸਨ ਖਿਲਾਫ਼ ਫੁਹਾਰਾ ਚੌਕ ਵਿੱਚ ਲਗਾਏ ਗਏ ਜਾਮ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਪੁੱਤਰ ਹਰਸਿਮਰਨ ਸਿੰਘ ਦੀ ਆਪਣੀ ਹੀ ਪਾਰਟੀ ਦੇ ਵਰਕਰ ਵਿੱਕੀ ਮੌੜ ਨਾਲ ਕਾਫੀ ਬਹਿਸ ਹੋ ਗਈ। ਇਸ ਘਟਨਾਕ੍ਰਮ ਦੀ ਲੋਕਾਂ ਨੇ ਬਾਕਾਇਦਾ ਵੀਡੀਓ ਰਿਕਾਰਡਿੰਗ ਵੀ ਕੀਤੀ ਅਤੇ ਤਸਵੀਰਾਂ ਵੀ ਖਿੱਚੀਆਂ।
ਵਿੱਕੀ ਮੌੜ ਜਾਮ ਵਿੱਚ ਬੁਲਾਰੇ ਵਜੋਂ ਸ਼ਾਮਲ ਹੋਇਆ ਸੀ। ਉਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੱਕ ਪਾਸੇ ‘ਆਪ’ ਨੇ ਪੰਜਾਬ ਵਿੱਚ ਬਦਲਾਅ ਲਿਆਉਣ ਦਾ ਨਾਅਰਾ ਦਿੱਤਾ ਸੀ ਤੇ ਦੂਜੇ ਪਾਸੇ ‘ਆਪ’ ਦੇ ਵਿਧਾਇਕ ਨੇ ਨਗਰ ਕੌਂਸਲ ਦੇ ਅਕਾਲੀ ਅਤੇ ਕਾਂਗਰਸੀ ਕੌਂਸਲਰਾਂ ਨੂੰ ‘ਆਪ’ ਵਿੱਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਸੌਂਪ ਦਿੱਤੇ ਹਨ। ਕੀ ਇਹੀ ਬਦਲਾਅ ਹੈ। ਉਸ ਨੈ ਕਿਹਾ ਕਿ ਚੋਣਾਂ ਦੌਰਾਨ ਜਿਹੜੇ ਵਰਕਰਾਂ ਨੇ ਸਿਰਤੋੜ ਮਿਹਨਤ ਕੀਤੀ, ਉਨ੍ਹਾਂ ਨੂੰ ਪਾਰਟੀ ਨੇ ਪਿੱਛੇ ਧੱਕ ਦਿੱਤਾ ਹੈ। ਐਨੀ ਗੱਲ ਸੁਣਦਿਆਂ ਕੋਲ ਖੜ੍ਹੇ ਵਿਧਾਇਕ ਦੇ ਪੁੱਤਰ ਹਰਸਿਮਰਨ ਸਿੰਘ ਨੇ ਵਿੱਕੀ ਮੋੜ ਨੂੰ ਕਿਹਾ ਕਿ ਇਹ ਧਰਨਾ ਸ਼ਹਿਰੀ ਲੋਕਾਂ ਦੀ ਸਾਂਝੀ ਸਮੱਸਿਆ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ। ਇਸ ਵਿੱਚ ਰਾਜਨੀਤੀ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਕਿਸੇ ਵੀ ਵਰਕਰ ਨੂੰ ਪਿੱਛੇ ਨਹੀਂ ਧੱਕਿਆ ਹੈ। ਹਰ ਇੱਕ ਵਰਕਰ ਦੀ ਪੂਰੀ ਸੁਣਵਾਈ ਹੋ ਰਹੀ ਹੈ। ਮਾਮਲਾ ਜ਼ਿਆਦਾ ਵਧਣ ’ਤੇ ਧਰਨੇ ਵਿੱਚ ਸ਼ਾਮਲ ਸ਼ਹਿਰ ਵਾਸੀਆਂ ਨੇ ਦੋਹਾਂ ਨੂੰ ਸ਼ਾਂਤ ਕੀਤਾ।