ਸ਼ਗਨ ਕਟਾਰੀਆ
ਜੈਤੋ, 20 ਮਾਰਚ
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹਾਦਤ ਦਿਹਾੜਾ ਪਿੰਡ ਮੱਤਾ ਵਿੱਚ ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ’ਚ ਬੁਲਾਰਿਆਂ ਨੇ 23 ਮਾਰਚ ਦੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਕਿਰਤੀ ਵਰਗ ਨੂੰ ਲਾਮਬੰਦ ਹੋ ਕੇ ਜਮਾਤੀ ਸੰਘਰਸ਼ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਨੰਗਲ ਅਤੇ ਅੰਗਰੇਜ਼ ਸਿੰਘ (ਗੋਰਾ ਮੱਤਾ), ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਵਿੰਦਰ ਸੇਵੇਵਾਲਾ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜਸਪਾਲ ਸਿੰਘ ਨੰਗਲ ਨੇ ਕਿਹਾ ਕਿ ਭਾਵੇਂ ਬਰਤਾਨਵੀ ਹਕੂਮਤ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਸੀ ਪਰ ਉਨ੍ਹਾਂ ਦੀ ਸੋਚ ਅੱਜ ਵੀ ਲੋਕ ਮਨਾਂ ਵਿੱਚ ਜ਼ਿੰਦਾ ਹੈ ਅਤੇ ਉਨ੍ਹਾਂ ਵੱਲੋਂ ਦਰਸਾਏ ਰਾਹ ’ਤੇ ਚੱਲ ਕੇ ਲੋਕ ਘੋਲ ਅੱਜ ਵੀ ਲੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਭਗਤ ਸਿੰਘ ਵੱਲੋਂ ਦਿੱਤੇ ਨਾਅਰੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ ਮੁਰਦਾਬਾਦ’ ਅਜੋਕੇ ਦੌਰ ’ਚ ਵੀ ਪਹਿਲਾਂ ਜਿੰਨਾ ਹੀ ਪ੍ਰਸੰਗਿਕ ਹੈ ਕਿਉਂਕਿ ਅੱਜ ਵੀ ਸਾਮਰਾਜੀ ਦੇਸ਼ ਭਾਰਤ ਦੇ ਅਸਾਸਿਆਂ ਨੂੰ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਲੋਕਾਂ ਕੋਲ ਰੁਜ਼ਗਾਰ ਦੀ ਕਮੀ ਹੋਣਾ ਵੀ ਸਾਮਰਾਜੀ ਹੱਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਦਾ ਭੋਗ ਪਾ ਕੇ ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਕਰਨਾ ਸਾਮਰਾਜੀ ਨੀਤੀ ਹੈ। ਉਨ੍ਹਾਂ ਕਿਹਾ ਕਿ ਸਾਮਰਾਜ ਅਤੇ ਦੇਸੀ ਸਰਮਾਏਦਾਰੀ ਖ਼ਿਲਾਫ਼ ਜਮਾਤੀ ਲੜਾਈ ਲੜਨੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਇਸ ਮੌਕੇ ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰ ਜਗਸੀਰ ਜੀਦਾ ਤੇ ਸਾਥੀਆਂ ਨੇ ਇਨਕਲਾਬੀ ਗੀਤਾਂ ਦੀਆਂ ਵੰਨਗੀਆਂ ਅਤੇ ਮਾਈਕਲ ਦੀ ਟੀਮ ਵੱਲੋਂ ਨਾਟਕ ‘ਕਿਰਤੀ’ ਦੀ ਪੇਸ਼ਕਾਰੀ ਕੀਤੀ ਗਈ। ਮੰਚ ਸੰਚਾਲਨ ਕਰਮਜੀਤ ਸੇਵੇਵਾਲਾ ਨੇ ਕੀਤਾ।
ਨਾਟਕ ‘ਛਿਪਣ ਤੋਂ ਪਹਿਲਾਂ’ ਦਾ ਮੰਚਨ
ਮਹਿਲ ਕਲਾਂ (ਨਵਕਿਰਨ ਸਿੰਘ): ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਕੌੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 92ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਅਹਿਮ ਸਮਾਗਮ ਅੱਜ ਮਹਿਲ ਕਲਾਂ ਵਿੱਚ ਕਰਵਾਇਆ ਗਿਆ। ਇਸ ਮੌਕੇ ਆਜ਼ਾਦ ਰੰਗ ਮੰਚ ਬਰਨਾਲਾ ਦੀ ਨਾਟਕ ਟੀਮ ਵੱਲੋਂ ਰਣਜੀਤ ਚੌਹਾਨ ਤੇ ਰੇਸ਼ਮਾ ਚੌਹਾਨ ਦੀ ਨਿਰਦੇਸ਼ਨਾ ਹੇਠ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ’ਤੇ ਆਧਾਰਿਤ ਨਾਟਕ ‘ਛਿਪਣ ਤੋਂ ਪਹਿਲਾਂ’ ਪੇਸ਼ ਕੀਤਾ ਗਿਆ। ਇਸ ਮੌਕੇ ਤਹਿ ਕੀਤਾ ਗਿਆ ਕਿ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ 23 ਮਾਰਚ ਨੂੰ ਹੁਸੈਨੀਵਾਲਾ ਵਿੱਚ ਕੀਤੀ ਜਾ ਰਹੀ ਵਿਸ਼ਾਲ ਸ਼ਹੀਦੀ ਕਾਨਫਰੰਸ ਵਿੱਚ ਮਹਿਲ ਕਲਾਂ ਦੇ ਨੌਜਵਾਨਾਂ ਦਾ ਵਿਸ਼ਾਲ ਕਾਫਲਾ ਰਵਾਨਾ ਹੋਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਸੁਪਨਾ ਲੁੱਟ ਰਹਿਤ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਸੀ। ਇਸ ਮੌਕੇ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਮਹਿਲ ਕਲਾਂ, ਗੁਰਦੇਵ ਮਾਂਗੇਵਾਲ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੇ ਸ਼ਹਾਦਤ ਦਿਵਸ ਮੌਕੇ ਪ੍ਰਣ ਕਰਨਾ ਚਾਹੀਦਾ ਹੈ ਕਿ ਸ਼ਹੀਦਾਂ ਦੀ ਵਿਚਾਰਧਾਰਾ ਅਨੁਸਾਰ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦਾ ਵਿਰੋਧ ਕੀਤਾ ਜਾਵੇ।