ਪੱਤਰ ਪ੍ਰੇਰਕ
ਗਿੱਦੜਬਾਹਾ, 20 ਦਸੰਬਰ
ਪੰਜਾਬ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ, ਜਿਸ ਤਹਿਤ ਪੰਜਾਬ ਵਿੱਚ 17 ਨਵੇਂ ਡਿਗਰੀ ਕਾਲਜ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚੋਂ ਇਕ ਗਿੱਦੜਬਾਹਾ ਦਾ ਸਰਕਾਰੀ ਡਿਗਰੀ ਕਾਲਜ ਹੈ। ਇਹ ਪ੍ਰਗਟਾਵਾ ਪੰਜਾਬ ਦੇ ਉੰਚੇਰੀ ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਨੇ ਗਿੱਦੜਬਾਹਾ ਦੇ ਪਿੰਡ ਹੁਸਨਰ ’ਚ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਵਿਦਿਆਰਥੀਆਂ ਲਈ ਕਾਲਜਾਂ ਵਿੱਚ ਨਵੇਂ ਕੋਰਸ ਸ਼ੁਰੂ ਕਰ ਰਹੀ ਹੈ ਤਾਂ ਜੋ ਵਿਦਿਆਰਥੀਆਂ ਦੀਆਂ ਡਿਗਰੀਆਂ ਇੰਟਰਨੈਸ਼ਨਲ ਤੌਰ ’ਤੇ ਮਾਨਤਾ ਪ੍ਰਾਪਤ ਹੋਣ ਤਾਂ ਜੋ ਅੱਗੇ ਜਾ ਕੇ ਇਨ੍ਹਾਂ ਨੂੰ ਨੌਕਰੀਆਂ ਲੈਣ ਵਿੱਚ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ, ਵਿਦਿਆਰਥੀਆਂ ਨੂੰ ਉਹ ਨਹੀਂ ਮਿਲਦੇ ਜਿਸ ਕਾਰਨ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਨਵੇਂ ਕੋਰਸਾਂ ਨਾਲ ਇਸ ਖੱਪੇ ਨੂੰ ਭਰਿਆ ਜਾ ਸਕਦਾ ਹੈ। ਬੱਚਿਆਂ ਦੇ ਵਿਦੇਸ਼ਾਂ ਵੱਲ ਰੁੱਖ ਕਰਨ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਇਸ ਰੀਤ ਨੂੰ ਰੋਕਣ ਲਈ ਸਰਕਾਰ ਦ੍ਰਿੜ ਹੈ ਤੇ ਇਸ ਲਈ ਸਾਨੂੰ ਵੱਡੇ ਕਦਮ ਚੁੱਕਣੇ ਪੈਣਗੇ ਤੇ ਪੰਜਾਬ ਸਰਕਾਰ ਇਸ ਪ੍ਰਤੀ ਗੰਭੀਰ ਹੈ। ਇਸ ਤੋਂ ਪਹਿਲਾਂ ਹਲਕਾ ਵਿਧਾਇਕ ਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਦਾ ਗਿੱਦੜਬਾਹਾ ਆਉਣ ’ਤੇ ਧੰਨਵਾਦ ਕੀਤਾ।
ਸਿੱਖਿਆ ਤੇ ਖੇਡ ਮੰਤਰੀ ਨੂੰ ਕਾਲੀਆਂ ਝੰਡੀਆਂ ਵਿਖਾਈਆਂ
ਮਲੋਟ (ਲਖਵਿੰਦਰ ਸਿੰਘ) ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਅੱਜ ਮਲੋਟ ਦੇ ਦਾਨੇਵਾਲਾ ਚੌਕ ਵਿੱਚ 5 ਏਕੜ ’ਚ ਫੈਲੇ ਨਵੇਂ ਕਾਲਜ ਦਾ ਉਦਘਾਟਨ ਕਰਨ ਲਈ ਪਹੁੰਚੇ। ਜਿਵੇਂ ਹੀ ਉਹ ਦਾਨੇਵਾਲਾ ਚੌਕ ’ਚ ਪਹੁੰਚੇ ਤਾਂ ਉਥੇ ਪਹਿਲਾਂ ਹੀ ਨਾਅਰੇਬਾਜ਼ੀ ਕਰ ਰਹੀਆਂ ਅਧਿਆਪਕ ਤੇ ਮੁਲਾਜ਼ਮ ਯੂਨੀਅਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਤੇ ਖੇਤਰ ਦੇ ਵਿਧਾਇਕ ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਹ ਉਨ੍ਹਾਂ ਕੋਲੋਂ ਤੇਜ਼ ਰਫ਼ਤਾਰ ਗੱਡੀਆਂ ’ਤੇ ਨਿਕਲ ਗਏ। ਇਸ ਉਪਰੰਤ ਕਾਲਜ ਵਿੱਚ ਪਰਗਟ ਸਿੰਘ ਨੇ ਕਾਲਜ ਦੀ ਇਮਾਰਤ ਦਾ ਉਦਘਾਟਨ ਕੀਤਾ। ਉਨ੍ਹਾਂ ਮੰਚ ਤੋਂ ਸੰਬੋਧਨ ਦੌਰਾਨ ਕਿਹਾ ਕਿ ਉਹ ਸਿੱਖਿਆ ’ਚ ਸੁਧਾਰਾਂ ਲਈ ਅਹਿਮ ਉਪਰਾਲੇ ਕਰ ਰਹੇ ਹਨ। ਇਸ ਮੌਕੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਵੀ ਸੰਬੋਧਨ ਕੀਤਾ।