ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 8 ਜੂਨ
ਇਥੋਂ ਦੇ ਪਿੰਡ ਪੀਰ ਅਹਿਮਦ ਖਾਨ ਦੇ ਦੋ ਬਜ਼ੁਰਗ ਭਰਾ ਮਲੂਕ ਸਿੰਘ ਅਤੇ ਅਮਰੀਕ ਸਿੰਘ ਪਿਛਲੇ ਪੰਦਰਾਂ ਦਿਨਾਂ ਤੋਂ ਆਪਣਾ ਕੰਮ ਕਾਜ ਛੱਡ ਕੇ ਪੁਲੀਸ ਅਫ਼ਸਰਾਂ ਦੇ ਕੋਲ ਇਨਸਾਫ਼ ਲੈਣ ਲਈ ਗੇੜੇ ਕੱਢ ਰਹੇ ਹਨ। ਕਰੀਬ ਡੇਢ ਸਾਲ ਪਹਿਲਾਂ ਕੁਝ ਲੋਕਾਂ ਨੇ ਮਲੂਕ ਸਿੰਘ ਦੇ ਭਤੀਜੇ ਨੂੰ ਇਸ ਕਰਕੇ ਗੋਲੀਆਂ ਮਾਰ ਦਿੱਤੀਆਂ ਸਨ ਕਿਉਂਕਿ ਉਸ ਨੇ ਇੱਕ ਵਿਅਕਤੀ ਨੂੰ ਆਪਣੇ ਘਰ ਦੇ ਅੱਗੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਨ ਤੋ ਰੋਕਿਆ ਸੀ। ਹੁਣ ਉਨ੍ਹਾਂ ਮੁਲਜ਼ਮਾਂ ਨੇ ਮਲੂਕ ਸਿੰਘ ਦੇ ਨੌਜਵਾਨ ਬੇਟੇ ਸੁਖਵਿੰਦਰ ਸਿੰਘ ਨੂੰ ਪੰਜ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ। ਸੁਖਵਿੰਦਰ ਇਸ ਵੇਲੇ ਗੰਭੀਰ ਹਾਲਤ ਵਿਚ ਚੰਡੀਗੜ੍ਹ ਦੇ ਪੀਜੀਆਈ ਵਿਚ ਜ਼ੇਰੇ ਇਲਾਜ ਹੈ। ਹਮਲਾਵਰ ਲਗਾਤਾਰ ਮਲੂਕ ਸਿੰਘ ਦੇ ਪਰਿਵਾਰ ਤੇ ਰਾਜ਼ੀਨਾਮੇ ਲਈ ਦਬਾਅ ਪਾ ਰਹੇ ਹਨ ਤੇ ਉਸਨੂੰ ਰਾਜ਼ੀਨਾਮਾ ਨਾ ਕਰਨ ਦੀ ਸੂਰਤ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਮਲੂਕ ਸਿੰਘ ਦੇ ਪਰਿਵਾਰ ਦੀਆਂ ਕੁਝ ਲੜਕੀਆਂ ਨੂੰ ਅਸ਼ਲੀਲ ਮੈਸੇਜ ਭੇਜ ਕੇ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਪੁਲੀਸ ਅਫ਼ਸਰਾਂ ਪਾਸੋਂ ਇਨਸਾਫ਼ ਦੀ ਮੰਗ ਕਰਦੇ ਹੋਏ ਮੁਲਜ਼ਮਾਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਹੈ। ਥਾਣਾ ਸਿਟੀ ਪੁਲੀਸ ਨੇ ਸੁਖਵਿੰਦਰ ਸਿੰਘ ਦੇ ਪਿਤਾ ਦੇ ਬਿਆਨਾਂ ਤੇ ਪੰਜ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਹੋਇਆ ਹੈ ਪਰ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਦੂਜੇ ਪਾਸੇ ਐਸਐਸਪੀ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੋ ਜਣਿਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਸੀ ਪਰ ਉਨ੍ਹਾਂ ਦਾ ਇਸ ਵਾਰਦਾਤ ਨਾਲ ਕੋਈ ਸਬੰਧ ਨਾ ਹੋਣ ਕਰਕੇ ਛੱਡ ਦਿੱਤਾ ਗਿਆ ਸੀ। ਐਸਐਸਪੀ ਨੇ ਦਾਅਵਾ ਕਰਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ