ਬੁਢਲਾਡਾ(ਨਿਜੀ ਪੱਤਰ ਪ੍ਰੇਰਕ) : ਇਥੇ ਪਿੰਡ ਬੱਛੂਆਣਾ ਵਿੱਚ ਬੀਤੀ ਰਾਤ ਕੁਝ ਵਿਅਕਤੀਆਂ ਨੇ ਇਕ ਮਕਾਨ ਵਿੱਚ ਦਾਖਲ ਹੋ ਕੇ ਵਿਹੜੇ ਵਿੱਚ ਸੁੱਤੇ ਪਏ ਪਤੀ ਪਤਨੀ ’ਤੇ ਤੇਜ਼ਧਾਰਾ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਬਲਦੇਵ ਕੌਰ(60) ਪਤਨੀ ਨਾਇਬ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਨਾਇਬ ਸਿੰਘ (65) ਪੁੱਤਰ ਸ਼ੇਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਉਹ ਜ਼ੇਰੇ ਇਲਾਜ ਹੈ। ਐੱਸਐੱਚਓ ਸਦਰ ਜਸਪਾਲ ਸਿੰਘ ਸਮਾਓ ਨੇ ਦੱਸਿਆ ਕਿ ਘਟਨਾ ਦਾ ਪਤਾ ਚੱਲਦੇ ਹੀ ਐੱਸਪੀ ਡੀ, ਡੀਐੱਸਪੀ ਬੁਢਲਾਡਾ ਪ੍ਰਭਜੋਤ ਕੌਰ ਤੇ ਪੁਲੀਸ ਟੀਮ ਮੌਕੇ ’ਤੇ ਪੁੱਜੀ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।