ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਬਾਬਾ ਫ਼ਰੀਦ ਨਗਰ ਵਿੱਚ ਰਹਿੰਦੇ ਬਜ਼ੁਰਗ ਜੋੜੇ ਨੂੰ ਇੱਕ ਔਰਤ ਤੇ ਪੁਰਸ਼ ਨੇ ਕਿਰਾਏਦਾਰ ਬਣ ਕੇ ਠੱਗ ਲਿਆ। ਸੂਚਨਾ ਅਨੁਸਾਰ ਸੇਵਾ ਮੁਕਤ ਅਧਿਆਪਕ ਬਲਵਿੰਦਰ ਸਿੰਘ (70) ਨੇ ਆਪਣਾ ਕਮਰਾ ਇਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਕਿਰਾਏ ਉੱਪਰ ਦਿੱਤਾ ਸੀ ਅਤੇ ਉਹ ਕਿਰਾਏਦਾਰਾਂ ਨੂੰ ਘਰ ਛੱਡ ਕੇ ਅੰਮ੍ਰਿਤਸਰ ਮੱਥਾ ਟੇਕਣ ਵਾਸਤੇ ਚਲਾ ਗਿਆ। ਜਦੋਂ ਉਹ ਅਤੇ ਉਸ ਦੀ ਪਤਨੀ ਵਾਪਸ ਆਏ ਤਾਂ ਕਿਰਾਏਦਾਰ ਘਰ ਵਿੱਚ ਨਹੀਂ ਸਨ। ਜਦੋਂ ਇਸ ਬਜ਼ੁਰਗ ਜੋੜੇ ਨੇ ਘਰ ਦਾ ਸਾਮਾਨ ਚੈੱਕ ਕੀਤਾ ਤਾਂ ਘਰ ਦੀ ਅਲਮਾਰੀ ਵਿੱਚ ਪਿਆ 14 ਤੋਲੇ ਸੋਨਾ ਅਤੇ ਕਰੀਬ ਸਵਾ ਲੱਖ ਰੁਪਏ ਗਾਇਬ ਸੀ। ਪੁਲੀਸ ਨੇ ਬਲਵਿੰਦਰ ਸਿੰਘ ਦੀ ਸ਼ਿਕਾਇਤ ਦੇ ਅਧਾਰ ’ਤੇ ਚੋਰੀ ਦਾ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ ਪੁਲੀਸ ਨੇ ਮਨਪ੍ਰੀਤ ਕੌਰ ਵਾਸੀ ਨਵਾਂ ਕਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਕੋਲੋਂ ਚੋਰੀ ਹੋਇਆ 14 ਤੋਲੇ ਸੋਨਾ ਬਰਾਮਦ ਹੋ ਗਿਆ ਹੈ। ਪੁਲੀਸ ਅਧਿਕਾਰੀ ਇਕਬਾਲ ਚੰਦ ਨੇ ਕਿਹਾ ਕਿ ਮਨਪ੍ਰੀਤ ਕੌਰ ਨੇ ਜਸਪਾਲ ਸਿੰਘ ਵਾਸੀ ਢਾਬ ਸ਼ੇਰ ਸਿੰਘ ਵਾਲਾ ਨਾਲ ਰਲ਼ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈੈ।