ਦਲਜੀਤ ਸਿੰਘ ਸੰਧੂ
ਸੰਘਾ, 10 ਸਤੰਬਰ
ਦੇਸ਼ ਦੀ ਆਜ਼ਾਦੀ ਤੋਂ ਬਾਅਦ 70 ਸਾਲ ਬੀਤਣ ਦੇ ਬਾਵਜੂਦ ਅੱਜ ਵੀ ਕਈ ਲੋਕ ਕੱਚੇ ਖ਼ਸਤਾ ਹਾਲ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਭਾਵੇਂ ਕਿ ਸਰਕਾਰਾਂ ਵੱਲੋਂ ਸਾਰਿਆਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਦੇ ਉਲਟ ਪਿੰਡਾਂ ਵਿੱਚ ਅੱਜ ਵੀ ਕਈ ਗ਼ਰੀਬ ਲੋਕ ਆਪਣੇ ਕੱਚੇ ਘਰਾਂ ’ਚ ਰਹਿਣ ਲਈ ਮਜਬੂਰ ਹਨ। ਪਿੰਡ ਸੰਘਾ ਦੇ ਰਹਿਣ ਵਾਲੇ ਬਜ਼ੁਰਗ ਜੋੜੇ ਕੋਲ ਅੱਜ ਵੀ ਕੱਚਾ ਘਰ ਹੈ ਜੋ ਡਿਗੂ-ਡਿਗੂ ਕਰ ਰਿਹਾ ਹੈ।
ਬਜ਼ੁਰਗ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਦੀ ਵੰਡ ਦੌਰਾਨ ਪਿੰਡ ਸੰਘਾ ਵਿੱਚ ਆ ਕੇ ਵੱਸ ਗਿਆ। ਉਸ ਸਮੇਂ ਸਿਰਫ ਕੁਝ ਕੁ ਘਰ ਪੱਕੇ ਸਨ। ਅੱਜ ਆਲੇ-ਦੁਆਲੇ ਦੇ ਸਾਰੇ ਘਰ ਪੱਕੇ ਹਨ ਪਰ ਉਨ੍ਹਾਂ ਦਾ ਘਰ ਹੀ ਇੱਕ ਅਜਿਹਾ ਘਰ ਹੈ ਜੋ ਅੱਜ ਵੀ ਕੱਚਾ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਲੜਕੇ ਹਨ ਜੋ ਵਿਆਹ ਤੋਂ ਬਾਅਦ ਵੱਖ ਰਹਿ ਰਹੇ ਹਨ। ਬਜ਼ੁਰਗ ਜੋੜੇ ਨੂੰ ਸਾਂਭਣ ਵਾਲਾ ਕੋਈ ਨਹੀਂ ਹੈ ਹਾਲਾਂਕਿ ਬਲਬੀਰ ਸਿੰਘ ਦੇ ਦੋਵੇਂ ਪੁੱਤਰਾਂ ਦੇ ਮਕਾਨ ਵੀ ਕੱਚੇ ਹੀ ਹਨ। ਉਮਰ ਵਧੇਰੇ ਹੋਣ ਕਰਕੇ ਮਿਹਨਤ ਮਜ਼ਦੂਰੀ ਕਰਨੀ ਵੀ ਔਖੀ ਹੈ। ਉਨ੍ਹਾਂ ਦੱਸਿਆ ਕਿ ਘਰ ਦਾ ਗੁਜ਼ਾਰਾ ਸਿਰਫ ਪੈਨਸ਼ਨ ਦੇ ਸਹਾਰੇ ਚੱਲਦਾ ਹੈ। ਕਈ ਵਾਰ ਪੈਨਸ਼ਨ ਵੀ ਸਮੇਂ ਸਿਰ ਨਹੀਂ ਮਿਲਦੀ।
ਉਸ ਦੀ ਪਤਨੀ ਨੇ ਕਿਹਾ ਕਿ ਜਦੋਂ ਚੋਣਾਂ ਦਾ ਸਮਾਂ ਹੁੰਦਾ ਹੈ ਤਾਂ ਉਸ ਸਮੇਂ ਵੱਖ-ਵੱਖ ਪਾਰਟੀਆਂ ਦੇ ਆਗੂ ਆ ਕੇ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਵੋਟਾਂ ਤੋਂ ਬਾਅਦ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ। ਪ੍ਰਧਾਨ ਮੰਤਰੀ ਯੋਜਨਾ ਤਹਿਤ ਹਰ ਘਰ ਪੱਕਾ ਬਣਾਉਣ ਦਾ ਵਾਅਦਾ ਤਾਂ ਕੀਤਾ ਗਿਆ ਹੈ ਪਰ ਇਹ ਸਕੀਮ ਇਨ੍ਹਾਂ ਤੱਕ ਨਹੀਂ ਪਹੁੰਚੀ।
ਸਕੀਮ ਮੁੜ ਸ਼ੁਰੂ ਹੋਣ ’ਤੇ ਬਣਾਵਾਂਗੇ ਪੱਕਾ ਮਕਾਨ: ਬੀਡੀਪੀਓ
ਸਰਦੂਲਗੜ੍ਹ ਦੇ ਬੀਡੀਪੀਓ ਮੇਜਰ ਸਿੰਘ ਨੇ ਇਸ ਸਬੰਧੀ ਗੱਲ ਕਰਨ ’ਤੇ ਕਿਹਾ ਕਿ ਆਵਾਸ ਪਲੱਸ ਯੋਜਨਾ ਦੁਬਾਰਾ ਸ਼ੁਰੂ ਹੋਣ ’ਤੇ ਅਜਿਹੇ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ।