ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 27 ਫਰਵਰੀ
ਬਾਜਾਖਾਨਾ ਥਾਣੇ ਅਧੀਨ ਪੈਂਦੇ ਪਿੰਡ ਗੁਰੂਸਰ ਵਿੱਚ ਗੁਆਂਢੀ ਨਾਲ ਝਗੜੇ ਮਗਰੋਂ ਇੱਕ ਬਜ਼ੁਰਗ ਵੱਲੋਂ ਸਲਫਾਸ ਖਾ ਕੇ ਕਥਿਤ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਾਜਾਖਾਨਾ ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਮ੍ਰਿਤਕ ਦੀ ਪਤਨੀ ਸੁਖਜਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਸਦੇ ਤਿੰਨ ਲੜਕੇ ਹਨ। ਉਸ ਦਾ ਗੁਆਂਢੀ ਨਾਲ ਸਾਂਝੀ ਕੰਧ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਹ ਝਗੜੇ ਨੂੰ ਖ਼ਤਮ ਕਰਨ ਦੀ ਥਾਂ ਉਸਦੇ ਪਤੀ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸਦਾ ਪਤੀ ਸੁਲੱਖਣ ਸਿੰਘ ਘਰੋਂ ਚਲਾ ਗਿਆ। ਉਸਦੇ ਲਾਪਤਾ ਹੋਣ ’ਤੇ ਕਾਫੀ ਭਾਲ ਕੀਤੀ ਗਈ। ਕੁੱਝ ਦੇਰ ਮਗਰੋਂ ਪਤਾ ਲੱਗਿਆ ਕਿ ਉਸਦੇ ਪਤੀ ਨੇ ਸਲਫਾਸ ਖਾ ਲਈ ਹੈ। ਉਸਨੂੰ ਗੰਭੀਰ ਹਾਲਤ ਵਿੱਚ ਫ਼ਰੀਦਕੋਟ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਐੱਸਆਈ ਬੱਗਾ ਸਿੰਘ ਨੇ ਦੱਸਿਆ ਕਿ ਪੁਲੀਸ ਦੀ ਮੁੱਢਲੀ ਪੜਤਾਲ ਦੌਰਾਨ ਪਤਾ ਚੱਲਿਆ ਹੈ ਕਿ ਸੁਲੱਖਣ ਸਿੰਘ ਨੇ ਉਕਤ ਮੁਲਜ਼ਮਾਂ ਤੋਂ ਤੰਗ ਆ ਕੇ ਸਲਫਾਸ ਖਾਧੀ ਹੈ। ਪੁਲੀਸ ਨੇ ਮ੍ਰਿਤਕ ਦੀ ਪਤਨੀਸ਼ਦੇ ਬਿਆਨ ਨੱਥਾ ਸਿੰਘ, ਉਸਦੇ ਦੋ ਲੜਕੇ ਅੰਮ੍ਰਿਤਪਾਲ ਸਿੰਘ ਤੇ ਧਰਮਪਾਲ ਸਿੰਘ, ਸਵਰਨ ਸਿੰਘ ਤੇ ਸੁਖਦੇਵ ਸਿੰਘ ਖ਼ਿਲਾਫ਼ ਆਈਪੀਸੀ 306 ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।