ਨਿੱਜੀ ਪੱਤਰ ਪੇਰਕ
ਮੋਗਾ, 24 ਨਵੰਬਰ
ਐਂਤਕੀ ਭਾਰਤੀ ਚੋਣ ਕਮਿਸ਼ਨ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ 100 ਫ਼ੀਸਦੀ ਵੋਟ ਪੋਲ ਕਰਨੀ ਯਕੀਨੀ ਬਣਾਉਣ ਲਈ 80 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਥੇ ਫਿਰੋਜ਼ਪੁਰ ਡਿਵੀਜ਼ਨ ਦੇ ਕਮਿਸ਼ਨਰ- ਕਮ-ਰੋਲ ਆਬਜ਼ਰਵਰ ਦਲਜੀਤ ਸਿੰਘ ਮਾਂਗਟ ਨੇ ਰਾਜਸੀ ਪਾਰਟੀਆਂ ਦੇ ਆਗੂਆਂ, ਚੋਣ ਅਧਿਕਾਰੀਆਂ ਅਤੇ ਹੋਰ ਅਮਲੇ ਨਾਲ ਮੀਟਿੰਗ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਡੇਰੀ ਉਮਰ ਦੇ ਵੋਟਰਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਚੋਣ ਜ਼ਾਬਤਾ ਲਾਗੂ ਹੋਣ ਦੇ ਇਕ ਹਫ਼ਤੇ ਦੇ ਅੰਦਰ ਅੰਦਰ ਨਿਰਧਾਰਤ ਫਾਰਮ ਭਰ ਕੇ ਆਪਣੇ ਖੇਤਰ ਦੇ ਬੀਐੱਲਓ ਨੂੰ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰੀਰਕ ਤੌਰ ਉੱਤੇ ਅਪੰਗ ਵੋਟਰਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਮੂਹ ਚੋਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਵੋਟ ਬਿਨਾ ਪੜਤਾਲ ਤੋਂ ਨਾ ਕੱਟੀ ਜਾਵੇ। ਕਿਉਂਕਿ ਅਕਸਰ ਸ਼ਿਕਾਇਤ ਆਉਂਦੀ ਹੈ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਜਾਣ ਬੁੱਝ ਕੇ ਕੁਝ ਲੋਕਾਂ ਦੀਆਂ ਵੋਟਾਂ ਕਟਵਾ ਦਿੱਤੀਆਂ ਜਾਂਦੀਆਂ ਹਨ। 01 ਜਨਵਰੀ, 2022 ਦੇ ਆਧਾਰ ’ਤੇ ਵੋਟਰ ਸੂਚੀ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਹੈ।