ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 21 ਨਵੰਬਰ
ਪਿੰਡ ਕੋਠਾ ਗੁਰੂ ਦੀ ਬਜ਼ੁਰਗ ਔਰਤ ਸ਼ੀਲਾ ਦੇਵੀ ਦੇ ਘਰ ਦੀ ਹਾਲਤ ਬੇਹੱਦ ਖਸਤਾ ਹੈ। ਇਹ ਔਰਤ ਇਸ ਸਮੇਂ ਜਿਸ ਮਕਾਨ ਵਿੱਚ ਰਹਿ ਰਹੀ ਹੈ, ਉਸ ਦੀਆਂ ਸਾਰੀਆਂ ਕੰਧਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ। ਛੱਤ ਕਿਸੇ ਪਲ ਵੀ ਡਿੱਗ ਕੇ ਜਾਨੀ ਨੁਕਸਾਨ ਕਰ ਸਕਦੀ ਹੈ। ਬਰਸਾਤ ਦੇ ਦਿਨਾਂ ਵਿੱਚ ਛੱਤ ਚੋਣ ਕਾਰਨ ਘਰ ਵਿਚਲਾ ਸਾਮਾਨ ਭਿੱਜ ਜਾਂਦਾ ਹੈ। ਪਰਿਵਾਰ ਦੇ ਮੁਖੀ ਜੰਗੀਰ ਸਿੰਘ ਦੀ ਦਸ ਸਾਲ ਪਹਿਲਾਂ ਮੌਤ ਹੋ ਗਈ ਸੀ। ਘਰ ਵਿੱਚ ਜੰਗੀਰ ਸਿੰਘ ਦੀ ਪਤਨੀ ਸ਼ੀਲਾ ਦੇਵੀ ਤੋਂ ਇਲਾਵਾ ਪੁੱਤਰ ਮਨਦੀਪ ਸਿੰਘ (ਜੋ ਮੰਦਬੁੱਧੀ ਹੈ ਅਤੇ ਸਰੀਰਕ ਤੌਰ ‘ਤੇ ਠੀਕ ਨਹੀਂ) ਅਤੇ ਸ਼ੀਲਾ ਦੇਵੀ ਦਾ 70 ਸਾਲਾਂ ਬਜ਼ੁਰਗ ਭਰਾ ਸੱਤਪਾਲ ਰਹਿੰਦਾ ਹੈ। ਇਸ ਪਰਿਵਾਰ ਦੀ ਆਮਦਨ ਦਾ ਕੋਈ ਸਾਧਨ ਨਾ ਹੋਣ ਕਾਰਨ ਉਹ ਨਵਾਂ ਘਰ ਬਣਾਉਣ ਤੋਂ ਪੂਰੀ ਤਰ੍ਹਾਂ ਅਸਮੱਰਥ ਹਨ।
ਇੱਥੋਂ ਤੱਕ ਕਿ ਇਸ ਪਰਿਵਾਰ ਦੀ ਰੋਟੀ ਦਾ ਪ੍ਰਬੰਧ ਵੀ ਗੁਰਦੁਆਰਾ ਬਾਬਾ ਕੌਲ ਸਾਹਿਬ ਅਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਪਰਿਵਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਣਾਉਣ ਲਈ ਪਿਛਲੇ ਚਾਰ-ਪੰਜ ਸਾਲਾਂ ਤੋਂ ਲਗਾਤਾਰ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਅਜੇ ਤੱਕ ਪਰਿਵਾਰ ਨੂੰ ਮਕਾਨ ਬਣਾਉਣ ਲਈ ਪੰਜ ਪੈਸੇ ਦੀ ਸਹੂਲਤ ਨਸੀਬ ਨਹੀਂ ਹੋਈ। ਸ਼ੀਲਾ ਦੇਵੀ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਕੋਈ ਸਮਾਜ ਸੇਵੀ ਸੰਸਥਾ ਉਨ੍ਹਾਂ ਦੇ ਘਰ ਦੀ ਛੱਤ ਪਵਾ ਦੇਵੇ ਤਾਂ ਉਨ੍ਹਾਂ ਦਾ ਬੁਢਾਪਾ ਕੁਝ ਚੰਗਾ ਲੰਘ ਸਕਦਾ ਹੈ। ਪਿੰਡ ਦੇ ਕੁਝ ਸਮਾਜ ਸੇਵੀ ਨੌਜਵਾਨਾਂ ਨੇ ਕਿਹਾ ਕਿ ਊਨ੍ਹਾਂ ਮਾਤਾ ਨੂੰ ਲੈ ਕੇ ਕਈ ਥਾਈਂ ਸਰਕਾਰੇ ਦਰਬਾਰੇ ਸਕੀਮਾਂ ਲਈ ਫਾਰਮ ਭਰਵਾਏ ਹਨ ਪਰ ਕਿਤੋਂ ਵੀ ਮਾਤਾ ਦੀ ਝੋਲੀ ਖੈਰ ਨਹੀਂ ਪਈ। ਲੋੜਵੰਦ ਪਰਿਵਾਰ ਨੇ ਸਰਕਾਰ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਮਕਾਨ ਬਣਾਉਣ ਵਿੱਚ ਉਨ੍ਹਾਂ ਦੀ ਆਰਥਿਕ ਮੱਦਦ ਕੀਤੀ ਜਾਵੇ।
ਗੁਰਬਤ ਦੀ ਝੰਭੀ ਮਾਤਾ ਵੱਲੋਂ ਮੱਦਦ ਦੀ ਅਪੀਲ
ਏਲਨਾਬਾਦ (ਜਗਤਾਰ ਸਮਾਲਸਰ): ਗੁਰਬਤ ਭਰੀ ਜ਼ਿੰਦਗੀ ਵਿੱਚ ਕੁਝ ਅਜਿਹੇ ਪਰਿਵਾਰ ਵੀ ਹਨ ਜੋ ਗਰੀਬ ਹੋਣ ਦੇ ਨਾਲ-ਨਾਲ ਲਾਚਾਰ ਵੀ ਹਨ। ਅਜਿਹਾ ਹੀ ਪਰਿਵਾਰ ਏਲਨਾਬਾਦ ਦੇ ਪਿੰਡ ਤਲਵਾੜਾ ਖੁਰਦ ਵਿੱਚ ਹੈ ਜਿੱਥੇ ਕਮਾਉਣ ਵਾਲਾ ਕੋਈ ਨਹੀਂ ਹੈ ਅਤੇ 62 ਸਾਲ ਦੀ ਬਜ਼ੁਰਗ ਮਾਤਾ ਹੀ ਬੁਨਿਆਦੀ ਸਹੂਲਤਾਂ ਦੀ ਕਮੀ ਦੇ ਚਲਦਿਆਂ 2 ਪੋਤੀਆਂ ਅਤੇ ਪੋਤਰੇ ਨੂੰ ਪਾਲ ਰਹੀ ਹੈ। ਬਜ਼ੁਰਗ ਮਾਤਾ ਫੂਲਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ 40 ਸਾਲ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਅਤੇ ਮਜ਼ਦੂਰੀ ਕਰਕੇ ਘਰ ਚਲਾਉਣ ਵਾਲੇ ਜਵਾਨ ਬੇਟੇ ਦੀ ਵੀ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਬੇਟੇ ਦੀ ਮੌਤ ਤੋਂ ਬਾਅਦ ਨੂੰਹ ਵੀ ਆਪਣੇ ਇਨ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਚਲੀ ਗਈ। ਅਜਿਹੇ ਵਿੱਚ ਇਨ੍ਹਾਂ ਬੱਚਿਆਂ ਨੂੰ ਪਾਲਣ ਦੀ ਪੂਰੀ ਜ਼ਿੰਮੇਵਾਰੀ ਉਸ ’ਤੇ ਆ ਗਈ ਹੈ। ਉਸ ਨੂੰ ਸਰਕਾਰ ਵੱਲੋਂ ਸਿਰਫ ਬੁਢਾਪਾ ਪੈਨਸ਼ਨ ਹੀ ਮਿਲਦੀ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਗਰੀਬ ਕਲਿਆਣ ਦੀ ਕੋਈ ਸਹੂਲਤ ਨਹੀ ਮਿਲ ਰਹੀ। ਉਸ ਨੇ ਦਾਨੀਆਂ ਨੂੰ ਉਸ ਦੀ ਮੱਦਦ ਕਰਨ ਦੀ ਅਪੀਲ ਕੀਤੀ ਹੈ।