ਨਿੱਜੀ ਪੱਤਰ ਪ੍ਰੇਰਕ
ਮਲੋਟ, 20 ਫਰਵਰੀ
ਮਲੋਟ ਵਿੱਚ ਵੱਖ-ਵੱਖ ਬੂਥਾਂ ’ਤੇ ਜਿਥੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ’ਚ ਉਤਸ਼ਾਹ ਦੇਖਣ ਨੂੰ ਮਿਲਿਆ, ਉਥੇ ਬਜ਼ੁਰਗ ਤੇ ਅਪਾਹਜ ਵੋਟਰ ਵੀ ਵੋਟ ਪਾਉਣ ਲਈ ਉਤਸ਼ਾਹ ਨਾਲ ਅੱਗੇ ਆਏ। ਡੀਏਵੀ ਕਾਲਜ ਵਿੱਚ ਵੋਟ ਪਾਉਣ ਲਈ ਵੀਲ੍ਹ ਚੇਅਰ ’ਤੇ ਆਈ 95 ਸਾਲਾ ਬਜ਼ੁਰਗ ਕ੍ਰਿਸ਼ਨਾ ਦੇਵੀ, 72 ਸਾਲਾ ਦਰਸ਼ਨਾ ਰਾਣੀ, ਵਾਰਡ ਨੰਬਰ 10 ’ਚੋਂ ਆਈ 70 ਸਾਲਾ ਦੀ ਬੇਬੇ ਕੈਲਾਸ਼ ਰਾਣੀ ਅਤੇ ਲੱਤ ਤੋਂ ਅਪਾਹਜ ਸ਼ਿਮਲਾ ਰਾਣੀ ਆਦਿ ਨੇ ਕਿਹਾ ਕਿ ਸਰੀਰ ਬਿਰਧ ਹੋਣ ਦੇ ਬਾਵਜੂਦ ਉਹ ਵੋਟ ਪਾਉਣ ਲਈ ਇਸ ਲਈ ਪਹੁੰਚੇ ਹਨ ਕਿ ਚੰਗੇ ਕਿਰਦਾਰ ਨੂੰ ਜਿਤਾ ਕੇ ਅੱਗੇ ਲਿਆਉਣ ਵਿੱਚ ਉਹ ਆਪਣਾ ਯੋਗਦਾਨ ਪਾ ਸਕਣ।
ਸ਼ਹਿਣਾ (ਪੱਤਰ ਪ੍ਰੇਰਕ): ਕਸਬੇ ਸ਼ਹਿਣਾ ’ਚ 80 ਸਾਲਾ ਬੇਬੇ ਪਰਮਜੀਤ ਕੌਰ ਨੇ ਬਿਨਾ ਕਿਸੇ ਪਾਰਟੀ ਦੀ ਮਦਦ ਤੋਂ ਹੀ ਪੈਦਲ ਜਾ ਕੇ 43 ਨੰਬਰ ਬੂਥ ’ਤੇ ਆਪਣੀ ਵੋਟ ਪਾਈ। ਉਨ੍ਹਾਂ ਦੱਸਿਆ ਕਿ ਪਿਛਲੇ 50 ਸਾਲ ਤੋਂ ਕਿਸੇ ਵੀ ਪਾਰਟੀ ਦੀ ਮਦਦ ਤੋਂ ਬਗੈਰ ਹੀ ਖੁਦ ਪੈਦਲ ਚੱਲ ਕੇ ਵੋਟ ਪਾਉਂਦੇ ਰਹੇ ਹਨ। ਇਸੇ ਪ੍ਰਕਾਰ 85 ਸਾਲਾ ਬੇਬੇ ਮਿੰਦਰ ਕੌਰ ਨੇ ਲਗਭਗ ਇੱਕ ਕਿਲੋਮੀਟਰ ਪੈਦਲ ਚੱਲ ਕੇ 41 ਨੰਬਰ ਬੂਥ ’ਤੇ ਆਪਣੀ ਵੋਟ ਪਾਈ।