ਬਲਜੀਤ ਸਿੰਘ
ਸਰਦੂਲਗੜ੍ਹ, 20 ਫਰਵਰੀ
ਅੱਜ ਪਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਹਲਕੇ ਵਿੱਚ ਵੋਟਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਬਿਨਾ ਕਿਸੇ ਡਰ ਅਤੇ ਭੈਅ-ਭੀਤ ਤੋਂ ਆਪਣੇ ਸੰਵਿਧਾਨਕ ਹੱਕ ਵੋਟ ਪਾਉਣ ਦਾ ਇਸਤੇਮਾਲ ਕੀਤਾ। ਸ਼ਹਿਰ ਸਰਦੂਲਗੜ੍ਹ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਅਤੇ ਦੂਸਰੀਆਂ ਪਾਰਟੀਆਂ ਦੇ ਵਰਕਰਾਂ ਵੱਲੋਂ ਪੋਲਿੰਗ ਲਗਾ ਕੇ ਵੋਟਰਾਂ ਨੂੰ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ ਲਈ ਕਿਹਾ ਗਿਆ। ਹਲਕੇ ਦੇ ਸਾਰੇ ਪੋਲਿੰਗ ਸਟੇਸ਼ਨਾਂ ਉੱਪਰ ਕਰੋਨਾ ਨਿਯਮਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਚੋਣਾਂ ਦੌਰਾਨ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਹਲਕੇ ਦੇ ਪਿੰਡ ਰਾਮਾਨੰਦੀ ਵਿੱਚ ਵੋਟਿੰਗ ਮਸ਼ੀਨ ਵਿੱਚ ਤਕਨੀਕੀ ਖ਼ਰਾਬੀ ਆਉਣ ਕਰਕੇ ਵੋਟਿੰਗ ਇੱਕ ਘੰਟਾ ਦੇਰ ਨਾਲ ਸ਼ੁਰੂ ਹੋਈ। ਖ਼ਬਰ ਲਿਖੇ ਜਾਣ ਤੱਕ ਹਲਕੇ ਵਿੱਚ ਵੋਟਾਂ ਪੂਰਨ ਤੌਰ ’ਤੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ।