ਸੰਜੀਵ ਹਾਂਡਾ
ਫ਼ਿਰੋਜ਼ਪੁਰ, 13 ਅਗਸਤ
ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਤਹਿਤ ਹਰ ਘਰ ਤਿਰੰਗਾ ਪ੍ਰੋਗਰਾਮ ਅਧੀਨ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅੱਜ ਇੱਥੇ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਰਾਸ਼ਟਰੀ ਝੰਡਾ ਵੀ ਲਹਿਰਾਇਆ।
ਇਸ ਮੌਕੇ ਕੈਬਨਿਟ ਮੰਤਰੀ ਨੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਜੇਲ੍ਹ ਅੰਦਰ ਹਵਾਲਾਤੀਆਂ ਤੇ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਜੇਲ੍ਹ ਦੀ ਸੁਰੱਖਿਆ ਬਾਰੇ ਜੇਲ੍ਹ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਬਹੁਤ ਚਿੰਤਤ ਹਨ ਤੇ ਇਸ ਨੂੰ ਰੋਕਣ ਲਈ ਹਰ ਢੁੱਕਵੇਂ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਸੁਰੱਖਿਆ ਦੇ ਹੋਰ ਜ਼ਿਆਦਾ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ ਅਤੇ ਜੇਲ੍ਹਾਂ ਅੰਦਰ ਮੋਬਾਈਲ ਤੇ ਨਸ਼ੇ ਦੀ ਸਪਲਾਈ ਬਿਲਕੁਲ ਬੰਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਗੈਂਗਸਟਰਵਾਦ ਦਾ ਖ਼ਾਤਮਾ ਕਰਨ ਲਈ ਵਚਨਬੱਧ ਹੈ। ਇਸ ਦੇ ਲਈ ਪੁਲੀਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ। ਇਸ ਮੌਕੇ ਵਿਧਾਇਕ ਰਜਨੀਸ਼ ਦਹੀਆ, ਰਣਬੀਰ ਭੁੱਲਰ ਅਤੇ ਨਰੇਸ਼ ਕਟਾਰੀਆ ਸਮੇਤ ਡਿਪਟੀ ਕਮਿਸ਼ਨਰ ਤੇ ਜੇਲ੍ਹ ਅਧਿਕਾਰੀ ਵੀ ਮੌਜੂਦ ਸਨ।