ਜਸਵੰਤ ਜੱਸ
ਫਰੀਦਕੋਟ, 4 ਜੁਲਾਈ
ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ਦੇ ਰੋਸ ਵਜੋਂ ਫ਼ਰੀਦਕੋਟ ਜ਼ਿਲ੍ਹੇ ਦੇ ਮੁਲਾਜ਼ਮਾਂ ਨੇ ਸਥਾਨਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਧਰਮਿੰਦਰ ਸਿੰਘ, ਕੁਲਦੀਪ ਸਿੰਘ ਸਹਿਦੇਵ, ਬੇਅੰਤ ਸਿੰਘ ਮੌੜ, ਨਿਰਮਲ ਸਿੰਘ, ਪ੍ਰੇਮ ਚਾਵਲਾ, ਸ਼ਿੰਦਰਪਾਲ ਸਿੰਘ ਢਿੱਲੋਂ, ਗੁਰਿੰਦਰ ਸਿੰਘ ਮਨੀ, ਸੋਹਣ ਸਿੰਘ ਪੱਖੀ, ਰਮੇਸ਼ ਢੈਪਈ, ਗੁਰਚਰਨ ਸਿੰਘ ਮਾਨ ਅਤੇ ਗੁਰਿੰਦਰਪਾਲ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਵਿੱਚ ਸਟੇਟ ਸ਼ੇਅਰ ਦੇ ਨਾਂ ’ਤੇ ਪਾਇਆ ਜਾ ਰਿਹਾ 14 ਫ਼ੀਸਦੀ ਹਿੱਸਾ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ’ਤੇ ਛੱਡਿਆ ਜਾ ਰਿਹਾ ਹੈ ਜਦਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਨਾਲ ਮੌਜੂਦਾ ਸਮੇਂ ਦੌਰਾਨ ਪੰਜਾਬ ਸਰਕਾਰ ’ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ। ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਜਸਥਾਨ ਅਤੇ ਛੱਤੀਸਗੜ੍ਹ ਸਰਕਾਰਾਂ ਦੇ ਪੈਟਰਨ ਅਨੁਸਾਰ ਸਮੂਹ ਮੁਲਾਜ਼ਮਾਂ ਲਈ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਪਿਛਲੀਆਂ ਰਹਿੰਦੀਆਂ ਦੋ ਕਿਸ਼ਤਾਂ ਜਾਰੀ ਕੀਤੀਆਂ ਜਾਣ, ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਲਈ ਅਨਾਮਲੀ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਕੀਤੇ ਸਾਰੇ ਚੋਣ ਵਾਅਦੇ ਤੁਰੰਤ ਪੂਰੇ ਕੀਤੇ ਜਾਣ। ਇਸ ਮੌਕੇ ਪਰਮਿੰਦਰ ਕੌਰ, ਵੰਦਨਾ ਰਾਣੀ, ਆਂਚਲ, ਡਾ. ਰਾਜਿੰਦਰ ਕੌਰ, ਹਰਪ੍ਰੀਤ ਸਿੰਘ, ਰਮੇਸ਼ ਕੁਮਾਰ, ਜਸਕਰਨ ਸਿੰਘ, ਦਵਿੰਦਰ ਸਿੰਘ ਗਿੱਲ, ਰੇਸ਼ਮ ਸਿੰਘ ਸਰਾਂ, ਨਵਲ ਕਿਸ਼ੋਰ ਹਾਜ਼ਰ ਸਨ।