ਪੱਤਰ ਪ੍ਰੇਰਕ
ਭੁੱਚੋ ਮੰਡੀ, 15 ਅਕਤੂਬਰ
ਲਹਿਰਾ ਬੇਗਾ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਝੰਡੇ ਹੇਠ ਛੇ ਮਹੀਨਿਆਂ ਤੋਂ ਤਨਖਾਹ ਨਾ ਦਿੱਤੇ ਜਾਣ ਅਤੇ ਨੌਕਰੀ ਬਹਾਲ ਨਾ ਕਰਨ ਦੇ ਵਿਰੋਧ ਵਿੱਚ ਅੱਜ ਦੀਤਾਰ ਸਕਿਓਰਿਟੀ ਸਰਵਿਸ ਕੰਪਨੀ ਦੇ ਦਫ਼ਤਰ ਨੂੰ ਤਾਲਾ ਜੜ ਦਿੱਤਾ। ਇਸ ਮੌਕੇ ਮਾਲਵਾ ਖੇਤਰ ਦੇ ਵੱਖ ਵੱਖ ਟੌਲ ਪਲਾਜ਼ਾ ਮੁਲਾਜ਼ਮਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਕੇਂਦਰ ਸਰਕਾਰ ਕੰਪਨੀ ਨੂੰ ਕਰਮਚਾਰੀਆਂ ਦੀਆਂ ਤਨਖ਼ਾਹਾਂ ਲਈ ਕਰੋੜਾਂ ਰੁੁਪਏ ਦੇ ਰਹੀ ਹੈ, ਪਰ ਕੰਪਨੀ ਵੱਲੋਂ ਕਰਮਚਾਰੀਆਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਮੁਲਾਜ਼ਮ ਯੂਨੀਅਨ ਅਤੇ ਕੰਪਨੀ ਵਿਚਕਾਰ ਪਹਿਲਾਂ ਤੋਂ ਹੀ ਤਨਖਾਹਾਂ ਦੇਣ ਅਤੇ ਨੌਕਰੀ ਬਹਾਲ ਕਰਨ ਲਈ ਸਹਿਮਤੀ ਬਣ ਚੁੱਕੀ ਹੈ। ਪਰੰਤੂ ਨਵੀਂ ਆਈ ਦੀਤਾਰ ਸਕਿਓਰਟੀ ਕੰਪਨੀ ਕਰਮਚਾਰੀਆਂ ਨੂੰ ਬਣਦੀ ਬਕਾਇਆ ਰਾਸ਼ੀ ਨਹੀਂ ਦੇ ਰਹੀ। ਉਨ੍ਹਾਂ ਚੇਤਾਵਨੀ ਦਿਤੀ ਕਿ ਜੇਕਰ ਕੰਪਨੀਆਂ ਮੁਲਾਜ਼ਮਾਂ ਨੂੰ ਉਜਰਤਾਂ ਦੀ ਅਦਾਇਗੀ ਨਹੀਂ ਕਰਦੀਆਂ, ਤਾਂ ਉਹ ਸਾਰੇ ਟੌਲ ਪਲਾਜ਼ਿਆਂ ਦੇ ਦਫਤਰਾਂ ਨੂੰ ਪੱਕੇ ਤੌਰ ਤੇ ਜਿੰਦਰੇ ਲਗਾ ਕੇ ਚਾਬੀਆਂ ਨੈਸ਼ਨਲ ਹਾਈਵੇਅ ਪੰਜਾਬ ਦੇ ਮੁੱਖ ਦਫ਼ਤਰ ਨੂੰ ਭੇਜ ਦੇਣਗੇ।