ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ
ਕਿਸਾਨ ਜਥੇਬੰਦੀਆਂ ਵੱਲੋਂ ‘ਭਾਰਤ ਬੰਦ’ ਦੇ ਸੱਦੇ ਦਾ ਖੇਤਰ ’ਚ ਭਰਵਾਂ ਅਸਰ ਵੇਖਣ ਨੂੰ ਮਿਲਿਆ। ਹਸਪਤਾਲ ਤੇ ਦਵਾਈਆਂ ਵਾਲੀਆਂ ਦੁਕਾਨਾਂ ਤੋਂ ਬਿਨਾਂ ਕੋਈ ਦੁਕਾਨ ਇੱਥੋਂ ਤੱਕ ਕਿ ਇੱਕ ਰੇਹੜੀ ਵੀ ਬਾਜ਼ਾਰ ਵਿੱਚ ਵਿਖਾਈ ਨਹੀਂ ਦਿੱਤੀ। ਕਿਸਾਨ ਆਗੂ ਪਰਮਜੀਤ ਸਿੰਘ ਬਿੱਲੂ ਸਿੱਧੂ ਤੇ ਬੋਹੜ ਸਿੰਘ ਨੇ ਸ਼ਹਿਰ ਵਿੱਚ ਮਾਰਚ ਕਰ ਕੇ ਇੱਕਾ-ਦੁੱਕਾ ਖੁੱਲ੍ਹੀਆਂ ਡੇਅਰੀਆਂ ਵੀ ਬੰਦ ਕਰਵਾ ਦਿੱਤੀਆਂ। ਇਸ ਦੌਰਾਨ ਪਿੰਡ ਉਦੇਕਰਣ ਕੋਲ ਲੱਗੇ ਧਰਨੇ ਵਿੱਚ ਕਿਸਾਨਾਂ ਦੇ ਨਾਲ ਔਰਤਾਂ, ਮਜ਼ਦੂਰ, ਦੁਕਾਨਦਾਰ, ਵਿਦਿਆਰਥੀ ਅਤੇ ਕਰਮਚਾਰੀ ਵੱਡੀ ਗਿਣਤੀ ’ਚ ਸ਼ਾਮਲ ਹੋਏ ਅਤੇ ਭਰਵੀਂ ਗਰਮੀ ਦੇ ਬਾਵਜੂਦ ਬੈਠੇ ਰਹੇ। ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਕਰਮਚਾਰੀਆਂ ਨੇ ਵਰਿੰਦਰ ਢੋਸੀਵਾਲ ਦੀ ਅਗਵਾਈ ਹੇਠ ਧਰਨੇ ’ਚ ਹਿੱਸਾ ਲਿਆ ਅਤੇ ਕੋਈ ਕੰਮ ਨਹੀਂ ਕੀਤਾ। ਇਸ ਦੌਰਾਨ ਬਲਵਿੰਦਰ ਸਿੰਘ ਭੁੱਟੀਵਾਲਾ, ਬਲਵਿੰਦਰ ਸਿੰਘ ਥਾਂਦੇਵਾਲਾ, ਜਸਵਿੰਦਰ ਸਿੰਘ ਝਬੇਲਵਾਲੀ ਹੋਰਾਂ ਨੇ ਕੇਂਦਰ ਸਰਕਾਰ ਨੂੰ ਅੜੀ ਛੱਡ ਕੇ ਹਕੀਕਤ ਸਮਝਣ ਦੀ ਨਸੀਹਤ ਦਿੰਦਿਆਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਇਹ ਸੰਘਰਸ਼ ਵਰ੍ਹਿਆਂ ਤੱਕ ਚੱਲਦਾ ਰਹੇ, ਉਹ ਪਿੱਛੇ ਨਹੀਂ ਹਟਣਗੇ। ਇਸ ਦੌਰਾਨ ਸ਼ਹੀਦ ਕਿਸਾਨਾਂ ਨੂੰ ਪੰਜ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਆਵਾਜਾਈ ਬੰਦ ਕਰਾਉਣ ਦੌਰਾਨ ਐਂਬੂਲੈਂਸ ਅਤੇ ਮਰੀਜ਼ਾਂ ਵਾਲੀਆਂ ਕਾਰਾਂ ਲਈ ਕੋਈ ਰੁਕਾਵਟ ਨਹੀਂ ਕੀਤੀ ਗਈ। ਕਾਂਗਰਸ ਦੇ ਜਨਰਲ ਸਕੱਤਰ ਹਨੀ ਫੱਤਣਵਾਲਾ ਅਤੇ ਭਾਈ ਰਾਹੁਲ ਸਿੰਘ ਸਿੱਧੂ ਵੀ ਧਰਨੇ ਵਿੱਚ ਸ਼ਾਮਲ ਹੋਏ।
ਕੈਪਸ਼ਨ- ਮੁਕਤਸਰ ਦੇ ਕਿਸਾਨ ਧਰਨੇ ’ਚ ਸ਼ਾਮਲ ਨੰਨ੍ਹੇ ਕਿਸਾਨ।