ਪਰਸ਼ੋਤਮ ਬੱਲੀ
ਬਰਨਾਲਾ, 6 ਜਨਵਰੀ
ਇਥੇ ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਲਾਰਿਆਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ| ਯੂਨੀਅਨ ਦੇ ਚੇਅਰਮੈਨ ਖੁਸ਼ੀਆ ਸਿੰਘ, ਜ਼ਿਲ੍ਹਾ ਪ੍ਰਧਾਨ ਰਮੇਸ਼ ਕੁਮਾਰ ਹਮਦਰਦ ਤੇ ਸਕੱਤਰ ਮੋਹਨ ਸਿੰਘ ਦੀ ਅਗਵਾਈ ਹੇਠ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੌਜੂਦਾ ਹਾਕਮ ਧਿਰ ਦੇ ਆਗੂਆਂ ਨੇ ਚੋਣਾਂ ਸਮੇਂ ਮੁਲਾਜ਼ਮਾਂ ਨਾਲ ਸਰਕਾਰ ਬਣਨ ‘ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ 35 ਹਜ਼ਾਰ ਡੇਲੀਵੇਜ ਕਾਮੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ | ਜੋ ਸਰਕਾਰ ਦੇ ਕਰੀਬ 4 ਸਾਲ ਲੰਘਣ ਮਗਰੋਂ ਵੀ ਵਫ਼ਾ ਨਹੀਂ ਹੋਏ| ਇਸ ਦੌਰਾਨ ਆਗੂ ਜਗਰਾਜ ਰਾਮਾ ਨੇ ਸੂਬੇ ਦੇ 10 ਲੱਖ ਮੁਲਾਜ਼ਮਾਂ ਨੂੰ ਆਪਣੀਆਂ ਮੰਗ ਮੰਨਵਾਉਣ ਲਈ ਕਿਸਾਨ ਸੰਘਰਸ਼ ਤੋਂ ਸੇਧ ਲੈ ਕੇ ਪੰਜਾਬ ਦੀ ਕੈਪਟਨ ਖਿਲਾਫ਼ ਪੱਕਾ ਮੋਰਚਾ ਲਾਉਣ ਦਾ ਸੱਦਾ ਦਿੱਤਾ| ਮੋਹਨ ਸਿੰਘ ਨੇ ਅਨਾਜ ਖਰੀਦ ਏਜੰਸੀਆਂ ‘ਚ 15-15 ਸਾਲ ਤੋਂ ਡੇਲੀਵੇਜ ਆਧਾਰ ‘ਤੇ ਨਿਗੂਣੀਆਂ ਉਜਰਤਾਂ ‘ਤੇ ਕੰਮ ਕਰਦੇ ਕਾਮਿਆਂ ਦੀ ਮਾੜੀ ਹਾਲਤ ਬਿਆਨੀ|
ਪ੍ਰਧਾਨ ਰਮੇਸ਼ ਕੁਮਾਰ ਨੇ ਮੰਗ ਕੀਤੀ ਕਿ ਪੇ ਕਮਿਸ਼ਨ ਦੀ ਰਿਪੋਰਟ ਫੌਰੀ ਲਾਗੂ ਕੀਤੀ ਜਾਵੇ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ| ਇਸ ਦੌਰਾਨ ਕਿਸਾਨੀ ਘੋਲ ਦੀ ਹਿਮਾਇਤ ਦਾ ਵੀ ਐਲਾਨ ਕੀਤਾ ਗਿਆ| ਇਸ ਮੌਕੇ ਨਾਥ ਸਿੰਘ, ਤਰਸੇਮ ਸਿੰਘ, ਭੋਲਾ ਸਿੰਘ, ਪ੍ਰੇਮ ਚੰਦ, ਇਤਵਾਰ ਸਿੰਘ, ਸੇਵਕ, ਅਜੇ ਕੁਮਾਰ ਤੇ ਸੁਖਪਾਲ ਸਿੰਘ ਹਾਜ਼ਰ ਸਨ|