ਲਖਵਿੰਦਰ ਸਿੰਘ
ਮਲੋਟ, 21 ਦਸੰਬਰ
ਤਨਖਾਹਾਂ ਨਾ ਮਿਲਣ ਤੋਂ ਖਫਾ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਕਾਲਜ ਦੇ ਸਮੂਹ ਸਟਾਫ ਵੱਲੋਂ ਖੇਤਰ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਮਲੋਟ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਉਪਰੰਤ ਅਜਾਇਬ ਸਿੰਘ ਭੱਟੀ ਉਨ੍ਹਾਂ ਮੁਲਾਜ਼ਮਾਂ ਨੂੰ ਮਿਲੇ ਤੇ ਕਿਹਾ ਕਿ ਉਹ ਉਨ੍ਹਾਂ ਦੀ ਸਮੱਸਿਆ ਸਬੰਧੀ ਇੱਕ ਵਾਰ ਨਹੀਂ, ਸਗੋਂ ਕਈ ਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਉਨ੍ਹਾਂ ਦੇ ਪ੍ਰਿੰਸੀਪਲ ਸਕੱਤਰ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਇਸ ਦੇ ਬਾਵਜੂਦ ਵੀ ਤੁਹਾਡੀ ਸਮੱਸਿਆ ਹੱਲ ਨਹੀਂ ਕੀਤੀ ਤਾਂ ਉਹ ਇਸ ਗੱਲ ’ਤੇ ਆਪਣੀ ਹੀ ਸਰਕਾਰ ਦੀ ਆਲੋਚਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਐਲਾਨੀ ਗਈ ਗਰਾਂਟ ਦੋ ਕਾਲਜਾਂ ਨੂੰ ਮਿਲ ਗਈ ਤੇ ਤੀਜੇ ਨੂੰ ਕਿਉਂ ਨਹੀਂ। ਇਸ ਦੌਰਾਨ ਉਨ੍ਹਾਂ ਮੁਲਾਜ਼ਮਾਂ ਨੂੰ ਚੰਡੀਗੜ੍ਹ ਆ ਕੇ ਮੁੱਖ ਮੰਤਰੀ ਨਾਲ ਮਿਲਾਉਣ ਦਾ ਭਰੋਸਾ ਦਿੱਤਾ। ਇਸ ਉਪਰੰਤ ਕਰਮਚਾਰੀਆਂ ਨੇ ਕਿਹਾ ਕਿ ਸ੍ਰੀ ਭੱਟੀ ਨਾਲ ਗੱਲਬਾਤ ਤੋਂ ਜਾਪਦਾ ਹੈ ਕਿ ਉਹ ਵੀ ਬੇਵੱਸ ਹਨ।