ਭਦੌੜ (ਰਾਜਿੰਦਰ ਵਰਮਾ) ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਇੱਥੇ ਕਈ ਬੂਥਾਂ ਤੇ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਪੁਲੀਸ ਮੁਲਾਜ਼ਮ ਬੀਐੱਲਓ ਕੋਲ ਪਾਣੀ ਦਾ ਪ੍ਰਬੰਧ ਕਰਨ ਲਈ ਹਾੜੇ ਕੱਢਦੇ ਨਜ਼ਰ ਆਏ। ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਦੇ ਬੂਥ ਨੰਬਰ 17,27,32 ਤੇ 33 ’ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ, ਜਦੋਂ ਪੱਤਰਕਾਰ ਇਸ ਸਕੂਲ ਵਿੱਚ ਪੁੱਜੇ ਤਾਂ ਦੇਖਿਆ ਕਿ ਇੱਕ ਏਐੱਸਆਈ ਬੀਐੱਲਓ ਦੇ ਲੱਗੇ ਮੇਜ਼ ’ਤੇ ਪਾਣੀ ਦਾ ਪ੍ਰਬੰਧ ਕਰਨ ਲਈ ਬੇਨਤੀ ਕਰ ਰਿਹਾ ਸੀ ਪਰ ਬੀਐੱਲਓ ਨੇ ਕਿਹਾ ਕਿ ਇਹ ਸਾਰੇ ਪ੍ਰਬੰਧ ਸਕੂਲ ਦੇ ਹੈੱਡਮਾਸਟਰ ਨੇ ਕਰਨੇ ਹਨ। ਜਦੋਂ ਪੁਲੀਸ ਮੁਲਾਜ਼ਮ ਸਕੂਲ ਦੀ ਟੀਚਰ ਕੋਲ ਗਿਆ ਤਾਂ ਉਨ੍ਹਾਂ ਪਾਸੋਂ ਵੀ ਹੁੰਗਾਰਾ ਨਾ ਮਿਲਿਆ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਉਹ ਕੈਂਪਰ ਮੰਗਵਾ ਦੇਣ ਪੈਸੇ ਅਸੀਂ ਦੇ ਦਿੰਦੇ ਹਾਂ। ਇਸ ਬਾਰੇ ਜਦੋਂ ਉਥੇ ਹਾਜ਼ਰ ਵਾਲੰਟੀਅਰ ਚਰਨਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੱਖ ਅਧਿਆਪਕ ਵੱਲੋਂ ਖਾਣੇ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ ਪਰ ਪਾਣੀ ਦੇ ਪ੍ਰਬੰਧ ਬਾਰੇ ਕੁਝ ਨਹੀਂ ਕਿਹਾ ਪਰ ਉਹ ਪਾਣੀ ਮੰਗਵਾ ਦਿੰਦੇ ਹਨ।