ਖੇਤਰੀ ਪ੍ਰਤੀਨਿਧ
ਬਰਨਾਲਾ, 12 ਜਨਵਰੀ
ਲੋਕਾਂ ਵਿੱਚ ਸਰਕਾਰ ਦੇ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਕਿਰਦਾਰ ਨੂੰ ਨੰਗਿਆਂ ਕਰਨ ਲਈ ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਬਰਨਾਲਾ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਝੂਠੇ ਵਾਅਦਿਆਂ ਅਤੇ ਲਾਰਿਆਂ ਦੀ ਪੰਡ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੰਪਲੈਕਸ ਵਿੱਚ ਫੂਕੀ ਗਈ। ਇਸ ਮੌਕੇ ਫਰੰਟ ਦੇ ਕਨਵੀਨਰ ਅਨਿਲ ਕੁਮਾਰ, ਖੁਸ਼ਮਿੰਦਰਪਾਲ ਹੰਡਿਆਇਆ, ਗੁਰਮੀਤ ਸੁਖਪੁਰ, ਦਰਸ਼ਨ ਚੀਮਾ, ਹਰਿੰਦਰ ਮੱਲੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਨਖਾਹ ਕਮਿਸ਼ਨ ਦੀਆਂ ਖਾਮੀਆਂ ਦੂਰ ਕਰਨ ਦੀ ਬਜਾਏ 1-01-2016 ਤੋਂ ਬਾਅਦ ਏਸੀਪੀ, ਪਰੋਬੇਸ਼ਨ ਪੀਰੀਅਡ ਦੌਰਾਨ ਬਕਾਇਆ ਦਬਣ ਅਤੇ ਮੁਲਾਜ਼ਮਾਂ ਦੇ ਪੇਂਡੂ ਭੱਤੇ ਸਮੇਤ ਹੋਰਨਾਂ ਭੱਤਿਆਂ ’ਤੇ ਕੱਟ ਮਾਰ ਕੇ ਮੁਲਾਜ਼ਮ ਮਾਰੂ ਪੱਤਰ ਜਾਰੀ ਕੀਤੇ ਗਏ। ਇਸ ਲਈ ਮੁਲਾਜ਼ਮ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ 16 ਜਨਵਰੀ ਨੂੰ ਕਨਵੈਨਸ਼ਨ ਕਰ ਕੇ ਚੋਣ ਜ਼ਾਬਤੇ ਦੌਰਾਨ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਹਲਕਿਆਂ ਵਿੱਚ ਵੱਡੇ ਐਕਸ਼ਨ ਉਲੀਕੇ ਜਾਣਗੇ।