ਪੱਤਰ ਪ੍ਰੇਰਕ
ਸ਼ਹਿਣਾ, 27 ਮਈ
ਕਸਬਾ ਸ਼ਹਿਣਾ ਦੇ ਲੋਕਾਂ ਨੇ ਸਥਾਨਕ ਚੂੰਘਾਂ ਰੋਡ ’ਤੇ ਗਾਵਾਂ ਨਾਲ ਭਰੇ ਕੈਂਟਰ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ। ਭਾਜਪਾ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ, ਨਾਜਮ ਸਿੰਘ ਨਾਜੀ ਤੇ ਜਸਪਾਲ ਸਿੰਘ ਚੂੰਘਾਂ ਆਦਿ ਨੇ ਦੱਸਿਆ ਕਿ ਲੰਘੀ ਰਾਤ ਨੇੜਲੇ ਖੇਤਾਂ ਦੇ ਕੁਝ ਵਿਅਕਤੀ ਗਾਵਾਂ ਫੜ ਕੇ ਲਿਜਾ ਰਹੇ ਸਨ। ਉਨ੍ਹਾਂ ਸ਼ਾਮ ਨੂੰ ਇੱਕ ਕੈਂਟਰ ਵਿੱਚ 11 ਗਾਵਾਂ ਤੇ ਤਿੰਨ ਵੱਛਰੂ ਲੱਦ ਲਏ।
ਇਸ ਦੌਰਾਨ ਇਕੱਤਰ ਲੋਕਾਂ ਨੇ ਕੈਂਟਰ ਚਾਲਕ ਨੂੰ ਰੋਕ ਕੇ ਜਦੋਂ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਇਹ ਗਾਵਾਂ ਨੂੰ ਮਹਾਰਾਸ਼ਟਰ ਲਿਜਾ ਰਹੇ ਸਨ।
ਸੂਚਨਾ ਮਿਲਣ ’ਤੇ ਪੁੱਜੀ ਥਾਣਾ ਸ਼ਹਿਣਾ ਪੁਲੀਸ ਕੈਂਟਰ ਚਾਲਕ ਨੂੰ ਥਾਣੇ ਲੈ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਥਾਣਾ ਸ਼ਹਿਣਾ ਦੇ ਐੱਸਐੱਚਓ ਜਗਸੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਤਿੰਨ ਜਣੇ ਗ੍ਰਿਫ਼ਤਾਰ ਕਰ ਲਏ ਹਨ। ਪੁਲੀਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਕੈਂਟਰ ’ਚੋਂ ਬਰਾਮਦ ਗਾਵਾਂ ਨੂੰ ਸ਼ਹਿਣਾ ਦੀ ਗਊਸ਼ਾਲਾ ’ਚ ਭੇਜ ਦਿੱਤਾ ਗਿਆ ਹੈ। ਕੈਂਟਰ ਨੂੰ ਪੁਲੀਸ ਨੇ ਜ਼ਬਤ ਕਰ ਲਿਆ ਹੈ।