ਲਖਵੀਰ ਸਿੰਘ ਚੀਮਾ
ਟੱਲੇਵਾਲ, 22 ਨਵੰਬਰ
ਕਿਸਾਨ ਸੰਘਰਸ਼ ਦਾ ਹਰ ਉਮਰ ਵਰਗ ਹਿੱਸਾ ਬਣਿਆ ਹੈ। ਖ਼ਾਸ ਕਰ ਬਜ਼ੁਰਗਾਂ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ। ਉਨ੍ਹਾਂ ਦੇ ਜੋਸ਼ ਅਤੇ ਹੌਸਲੇ ਅੱਗੇ ਉਮਰਾਂ ਵੀ ਛੋਟੀਆਂ ਪੈਂਦੀਆਂ ਦਿਖਾਈ ਦੇ ਰਹੀਆਂ ਹਨ। ਬਜ਼ੁਰਗ ਹੁਣ ਦਿੱਲੀ ਜਾਣ ਲਈ ਵੀ ਦ੍ਰਿੜ ਹਨ। 50 ਦਿਨਾਂ ਤੋਂ ਪਿੰਡ ਠੀਕਰੀਵਾਲ ਦਾ 70 ਸਾਲਾ ਕਰਤਾਰ ਸਿੰਘ ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਧਰਨੇ ਦਾ ਲਗਾਤਾਰ ਹਿੱਸਾ ਬਣ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਮੀਨ ਕਿਸਾਨ ਦੀ ਮਾਂ ਹੁੰਦੀ ਹੈ, ਇਸ ਲਈ ਮੋਦੀ ਸਰਕਾਰ ਦੀਆਂ ਜ਼ਮੀਨਾਂ ਖੋਹਣ ਦੀਆਂ ਚਾਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 80 ਸਾਲਾ ਜੋਗਿੰਦਰ ਸਿੰਘ ਦਾ ਸਰੀਰ ਭਾਵੇਂ ਇਜ਼ਾਜਤ ਨਹੀਂ ਦਿੰਦਾ, ਪਰ 50 ਦਿਨਾਂ ਤੋਂ ਉਨ੍ਹਾਂ ਜਜ਼ਬਾ ਕਾਇਮ ਹੈ। ਉਹ ਦਿੱਲੀ ਜਾਣ ਦਾ ਮਨ ਬਣਾਈ ਬੈਠੇ ਹਨ।
70 ਸਾਲਾ ਚੰਦ ਸਿੰਘ ਅਤੇ ਦਲੀਪ ਸਿੰਘ ਵੀ ਕੇਂਦਰ ਅੱਗੇ ਝੁਕਣ ਤੋਂ ਇਨਕਾਰੀ ਹਨ। ਉਨ੍ਹਾਂ ਕਿਹਾ ਕਿ ਉਹ ਸੰਘਰਸ਼ ਲਈ ਸ਼ਹੀਦੀਆਂ ਦੇਣ ਲਈ ਤਿਆਰ ਹਨ।
ਔਰਤਾਂ ਵੀ ਇਸ ਸੰਘਰਸ਼ ’ਚ ਕੇਂਦਰ ਨੂੰ ਬੜਕ ਮਾਰ ਰਹੀਆਂ ਹਨ। 90 ਸਾਲ ਦੀ ਬਲਵੀਰ ਕੌਰ ਸੰਘਰਸ਼ ’ਚ ਇੱਕ ਦਿਨ ਵੀ ਘਰ ਨਹੀਂ ਰਹੀ। 70 ਸਾਲਾਂ ਤੋਂ ਵੱਧ ਉਮਰ ਭੋਗ ਚੁੱਕੀਆਂ ਪਰਮਜੀਤ ਕੌਰ, ਹਰਬੰਸ ਕੌਰ ਅਤੇ ਸੁਰਜੀਤ ਕੌਰ ਧਰਨੇ ’ਤੇ ਡਟੀਆਂ ਹੋਈਆਂ ਹਨ। ਪੱਖੋਕੇ ਦੀ 68 ਸਾਲਾ ਗੁਰਦੇਵ ਕੌਰ ਰੋਜ਼ਾਨਾ ਬਰਨਾਲਾ ਦੇ ਭਾਜਪਾ ਆਗੂ ਦੇ ਘਰ ਅੱਗੇ ਧਰਨੇ ’ਚ ਹਾਜ਼ਰ ਹੋਣ ਦੇ ਨਾਲ ਨਾਲ ਪਿੰਡ ਦੀਆਂ ਔਰਤਾਂ ਨੂੰ ਲਾਮਬੰਦ ਕਰ ਰਹੀ ਹੈ।
ਬੀਕੇਯੂ ਉਗਰਾਹਾਂ ਦੇ ਆਗੂ ਸੰਦੀਪ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਇਸ ਸੰਘਰਸ਼ ’ਚ ਬਜ਼ੁਰਗਾਂ ਦੇ ਮੁਕਾਬਲੇ ਨੌਜਵਾਨਾਂ ਦੀ ਗਿਣਤੀ ਘੱਟ ਹੈ। ਦਿੱਲੀ ਮੋਰਚੇ ਵਿਚ ਬਜ਼ੁਰਗਾਂ ਦੀ ਗਿਣਤੀ ਵੱਧ ਰਹਿਣ ਦੀ ਸੰਭਾਵਨਾ ਹੈ।