ਪਰਸ਼ੋਤਮ ਬੱਲੀ
ਬਰਨਾਲਾ, 13 ਫਰਵਰੀ
ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਖਿਲਾਫ਼ ਦਿੱਤੇ ਜਾ ਰਹੇ ਧਰਨਿਆਂ ਵਿੱਚ ਜੋਸ਼ ਬਰਕਰਾਰ ਹੈ। ਵੱਡੀ ਗਿਣਤੀ ਔਰਤਾਂ ਤੇ ਬੱਚੇ ਵੀ ਇਨ੍ਹਾਂ ਵਿੱਚ ਸ਼ਿਰਕਤ ਕਰ ਰਹੇ ਹਨ। ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ’ਤੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਹਿੱਤ ਲੱਗੇ ਪੱਕੇ ਮੋਰਚੇ ‘ਚ ਸੰਬੋਧਨ ਕਰਦਿਆਂ ਬਲਵੰਤ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀ ਕਲਾਂ, ਕਰਨੈਲ ਸਿੰਘ ਗਾਂਧੀ, ਬਲਵੀਰ ਕੌਰ, ਧਰਮਪਾਲ ਕੌਰ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਦੇ ਜਾਬਰ ਫਾਸ਼ੀ ਹੱਲੇ ਅਤੇ ਸਾਜਿਸ਼ਾਂ ਕਿਸਾਨਾਂ ਤੇ ਲੋਕਾਂ ਅੰਦਰ ਗੁੱਸੇ ਦੀ ਧਾਰ ਹੋਰ ਤਿੱਖੀ ਕਰ ਰਹੇ ਹਨ| ਇਹ ਜਨ ਸੰਘਰਸ਼ ਹੁਣ ਮੁੁਲਕ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ| ਉਨ੍ਹਾਂ ਕਿਹਾ ਕਿ ਸੰਯੁੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਕਿਸਾਨ ਤੇ ਲੋਕ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 14 ਫਰਵਰੀ ਨੂੰ ਪੁੁਲਵਾਮਾ ਵਿੱਚ ਸ਼ਹੀਦ ਹੋਏ ਸੀਆਰਪੀਐਫ ਜਵਾਨਾਂ ਅਤੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਮੋਮਬੱਤੀ ਮਸ਼ਾਲ ਮਾਰਚ ਕਰਨ, 16 ਫਰਵਰੀ ਨੂੰ ਸਰ ਛੋਟੂ ਰਾਮ ਅਤੇ ਕੂਕਾ ਲਹਿਰ ਦੇ ਬਾਨੀ ਸਤਿਗੁੁਰੂ ਰਾਮ ਸਿੰਘ ਦੀ ਯਾਦ ਵਿੱਚ ਸਮਾਗਮ ਅਤੇ 18 ਫਰਵਰੀ ਨੂੰ 12 ਵਜੇ ਤੋਂ 4 ਵਜੇ ਤੱਕ ਰੇਲ ਆਵਾਜਾਈ ਮੁੁਕੰਮਲ ਰੂਪ ਵਿੱਚ ਜਾਮ ਕਰਨ ਲਈ ਪਿੰਡਾਂ ਅੰਦਰ ਵੱਡੀ ਲਾਮਬੰਦੀ ਕਰਨ ਦਾ ਹੋਕਾ ਦਿੱਤਾ ਗਿਆ ਹੈ| ਅੱਜ ਦੀ ਭੁੱਖ ਹੜਤਾਲ ਵਿੱਚ ਦਲਵਾਰਾ ਸਿੰਘ, ਬਲਵੰਤ ਸਿੰਘ, ਦਲਵਾਰਾ ਸਿੰਘ, ਸ਼ੇਰ ਸਿੰਘ ਅਤੇ ਬਲਜਿੰਦਰ ਸਿੰਘ ਸ਼ਾਮਿਲ ਹੋਏ| ਨਰਿੰਦਰਪਾਲ ਸਿੰਗਲਾ, ਜਗਰੂਪ ਸਿੰਘ ਹਮੀਦੀ, ਗੁੁਲਾਬ ਸਿੰਘ ਗਿੱਲ, ਭੋਲਾ ਸਿੰਘ ਰਾਏਸਰ ਅਤੇ ਪ੍ਰੀਤ ਕੌਰ ਧੂਰੀ ਦੇ ਜਥੇ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਦੌਰਾਨ ‘ਲੜਾਂਗੇ ਸਾਥੀ’ ਅਤੇ ‘ਜੰਗ ਜਾਰੀ ਹੈ’ ਨਾਟਕ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤੇ ਗਏ। ਇਸੇ ਤਰ੍ਹਾਂ ਰਿਲਾਇੰਸ ਮਾਲ ਉੱਪਰ ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬੀਕੇਯੂ ਏਕਤਾ ਡਕੌਂਦਾ ਵੱਲੋਂ ਘਿਰਾਓ ਜਾਰੀ ਰਿਹਾ|
ਮੋਰਚਿਆਂ ’ਤੇ ਡਟੇ ਰਹਿਣ ਦਾ ਅਹਿਦ
ਭੁੱਚੋ ਮੰਡੀ(ਪਵਨ ਗੋਇਲ):ਖੇਤੀ ਕਾਨੂੰਨਾਂ ਵਿਰੁੱਧ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਚੱਲ ਰਹੇ 136 ਦਿਨਾਂ ਦੇ ਲੰਮੇ ਸੰਘਰਸ਼ ਵਿੱਚ ਬਜ਼ੁਰਗ ਮਾਤਾਵਾਂ ਅਤੇ ਬੱਚਿਆਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਲਗਾਤਾਰ ਮੋਰਚਿਆਂ ਵਿੱਚ ਸ਼ਾਮਲ ਹੋ ਕੇ ਸੰਘਰਸ਼ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਹੋਇਆ ਹੈ ਅਤੇ ਕਾਲੇ ਕਾਨੂੰਨ ਰੱਦ ਹੋਣ ਤੱਕ ਇਸੇ ਤਰਾਂ ਡਟੇ ਰਹਿਣ ਦਾ ਅਹਿਦ ਕੀਤਾ ਹੋਇਆ ਹੈ। ਉਨ੍ਹਾਂ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂੂ ਮੋਠੂ ਸਿੰਘ, ਦਰਸ਼ਨ ਮਾਈਸਰਖਾਨਾ, ਬਲਜੀਤ ਪੂਹਲਾ, ਲਖਵੀਰ ਸਿੰਘ, ਨਗੌਰ ਸਿੰਘ, ਅਤੇ ਗੁਰਜੰਟ ਸਿੰਘ ਨੇ ਭਾਜਪਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨਿੱਜੀਕਰਨ ਦੇ ਹੱਕ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਅਤੇ ਦੇਸ਼ ਦੀ ਆਤਮ ਨਿਰਭਰਤਾ ਲਈ ਨਿੱਜੀਕਰਨ ਨੂੰ ਜ਼ਰੂਰੀ ਦੱਸਿਆ ਜਾ ਰਿਹਾ ਹੈ। ਕੇਂਦਰ ਦੀ ਇਹ ਨੀਤੀ ਹਰ ਗਰਗ ਨੂੰ ਖ਼ਤਮ ਕਰਨ ਵਾਲੀ ਹੈ।