ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 6 ਦਸੰਬਰ
ਜਿਉਂ ਜਿਉਂ ਦਿੱਲੀ ਅੰਦੋਲਨ ਤੇਜ਼ ਹੋ ਰਿਹਾ ਹੈ ਤਿਉਂ ਤਿਉਂ ਦਿੱਲੀ ਜਾਣ ਵਾਲੇ ਟਰੈਕਟਰ ਟਰਾਲੀਆਂ ਵਿੱਚ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਵਿੱਚ ਭਾਰੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ।
ਦਿੱਲੀ ਸਥਿਤ ਟਿੱਕਰੀ ਬਾਰਡਰ ਤੋਂ ਨੌਜਵਾਨ ਕਿਸਾਨਾਂ ਜਗਦੀਪ ਸਿੰਘ ਗਟਰਾ, ਬਲਜੀਤ ਰੌਂਤਾ, ਰਾਜੂ ਪੱਤੋ ਆਦਿ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਦੱਸਿਆ ਨੇ ਹਲਕੇ ਦੇ ਖੋਟੇ, ਪੱਤੋ ਹੀਰਾ ਸਿੰਘ , ਰੌਂਤਾ, ਦੀਦਾਰੇਵਾਲਾ, ਰਣਸੀਂਹ, ਧੂੜਕੋਟ, ਨਿਹਾਲ ਸਿੰਘ ਵਾਲਾ, ਜਵਾਹਰ ਸਿੰਘ ਵਾਲਾ ਆਦਿ ਦਰਜਨ ਤੋਂ ਵੱਧ ਪਿੰਡਾਂ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਆਏ ਹੋਏ ਹਨ। ਸਿਆਣੀ ਉਮਰ ਦੇ ਕਿਸਾਨ ਮਰਦ-ਔਰਤਾਂ ਵੱਖਰੇ ਹਨ। ਇਹ ਨੌਜਵਾਨ ਲੰਗਰ ਵਿੱਚ ਸੇਵਾ ਕਰਨ ਦੇ ਨਾਲ ਨਾਲ ਬਜ਼ੁਰਗਾਂ ਦਾ ਵੀ ਖਿਆਲ ਰੱਖਦੇ ਹਨ ਅਤੇ ਪੂਰੇ ਜ਼ਾਬਤੇ ਵਿੱਚ ਹਨ। ਗਾਇਕ ਬੱਬੂ ਮਾਨ, ਗਾਇਕ ਦਲਜੀਤ ਦੁਸਾਂਝ ਤੇ ਅਦਾਕਾਰ ਦੀਪ ਸਿੱਧੂ ਨੇ ਨੌਜਵਾਨਾਂ ਅੰਦਰ ਜੋਸ਼ ਭਰ ਦਿੱਤਾ ਹੈ। ਪਿੰਡਾਂ ’ਚੋਂ ਦਿੱਲੀ ਲਈ ਟਰੈਕਟਰ ਟਰਾਲੀਆਂ ਭਰ-ਭਰ ਜਾਣੇ ਜਾਰੀ ਹਨ। ਰੁਪਿੰਦਰ ਸਿੰਘ ਖਾਲਸਾ ਫ਼ਲੈਕਸ ਨੇ ਦਿੱਲੀ ਜਾਣ ਵਾਲੇ ਵਾਹਨਾਂ ਲਈ ਮੁਫ਼ਤ ਫ਼ਲੈਕਸ ਦੇਣੇ ਸ਼ੁਰੂ ਕਰ ਦਿੱਤੇ ਹਨ। ਐਡਵੋਕੇਟ ਜੁਪਿੰਦਰ ਸਿੰਘ ਸਿੱਧੂ ਨੇ ਕਿਹਾ ਉਹ ਦੋਸਤਾਂ ਨਾਲ ਖਾਣ ਸਮੱਗਰੀ ਲੈ ਕੇ ਦਿੱਲੀ ਜਾ ਰਹੇ ਹਨ।
ਸੈਂਕੜੇ ਸਾਬਕਾ ਸੈਨਿਕ ਦਿੱਲੀ ਪਹੁੰਚੇ
ਮਲੋਟ (ਲਖਵਿੰਦਰ ਸਿੰਘ): ਕੇਂਦਰੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਜੱਦੋ-ਜਹਿਦ ਕਰ ਰਹੇ ਕਿਸਾਨਾਂ ਦੇ ਨਾਲ ਨਾਲ ਹਲਕਾ ਮਲੋਟ, ਗਿੱਦੜਬਾਹਾ ਤੇ ਸ੍ਰੀ ਮੁਕਤਸਰ ਸਾਹਿਬ੍ ਤੋਂ ਕਰੀਬ ਅਰਧ ਸੈਂਕੜਾ ਸਾਬਕਾ ਸੈਨਿਕ ਅਵਤਾਰ ਸਿੰਘ ਫਕਰਸਰ ਦੀ ਅਗਵਾਈ ‘ਚ ਦਿੱਲੀ ਪਹੁੰਚ ਚੁੱਕੇ ਹਨ। ਬਹੁਤੇ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਨੂੰ ਹੀ ਘਰ ਤੇ ਰਸੋਈ ਬਣਾਇਆ ਹੋਇਆ ਹੈ। ਸਾਬਕਾ ਸੈਨਿਕ ਆਗੂਆਂ ਨੇ ਕਿਹਾ ਕਿ ਉਹ ਕਾਲੇ ਕਾਨੂੰਨ ਰੱਦ ਕਰਾ ਕੇ ਘਰਾਂ ਨੂੰ ਮੁੜਨਗੇ।
ਬੱਸਾਂ ਰਾਹੀਂ ਦਿੱਲੀ ਕੂਚ ਕਰਨ ਲੱਗੇ ਜਥੇ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਸੀਪੀਆਈ (ਐੱਮ.ਐੱਲ) ਲਬਿਰੇਸ਼ਨ, ਪੰਜਾਬ ਕਿਸਾਨ ਯੂਨੀਅਨ, ਆੜ੍ਹਤੀਆ ਐਸੋਸੀਏਸ਼ਨ, ਇਨਕਲਾਬੀ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਆਗੂ ਦੀ ਅਗਵਾਈ ਹੇਠ ਵਰਕਰਾਂ ਸਮੇਤ ਦੋ ਬੱਸਾਂ ਰਾਹੀਂ ਸਵੇਰੇ ਦਿੱਲੀ ਲਈ ਰਵਾਨਾ ਹੋਏ। ਸੀਪੀਆਈ (ਐੱਮ.ਐੱਲ.) ਲਬਿਰੇਸ਼ਨ ਦੇ ਕੌਮੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਰਕਾਰ ਖ਼ਿਲਾਫ਼ ਸ਼ਹਿਰ ਅਤੇ ਪਿੰਡਾਂ ਅੰਦਰ ਅਤੇ ਦਿੱਲੀ ਬਾਰਡਰ ‘ਤੇ ਸੰਘਰਸ਼ ਚੱਲ ਰਿਹਾ ਹੈ, ਹੁਣ ਇਹ ਸੰਘਰਸ਼ ਪੰਜਾਬ ਦਾ ਨਹੀਂ ਰਿਹਾ, ਪੂਰੇ ਦੇਸ਼ ਦਾ ਬਣ ਚੁੱਕਾ ਹੈ। ਇਸ ਮੌਕੇ ਮੁਨੀਸ਼ ਬੱਬੀ ਦਾਨੇਵਾਲੀਆ, ਕਾਰਮੇਡ ਗੁਰਜੰਟ ਸਿੰਘ, ਗੁਰਮੀਤ ਨੰਦਗੜ੍ਹ, ਬਿੰਦਰ ਅਲਖ਼, ਕ੍ਰਿਸ਼ਨਾ ਕੌਰ ਤੇ ਰੀਤੂ ਕੌਰ ਵੀ ਹਾਜ਼ਰ ਸਨ।