ਜੋਗਿੰਦਰ ਸਿੰਘ ਮਾਨ
ਮਾਨਸਾ, 10 ਫਰਵਰੀ
ਇੱਥੇ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਕਿਸਾਨ ਮੋਰਚੇ ਦੇ 133ਵੇਂ ਦਿਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਾਰਪੋਰੇਟ ਘਰਾਣੀਆਂ ਪ੍ਰਤੀ ਵਫ਼ਾਦਾਰੀ ਕਰਕੇ ਹੀ ਮੋਦੀ ਹਕੂਮਤ ਨੇ ਖੇਤੀ ਕਾਨੂੰਨ ਵਾਪਸ ਨਾ ਲੈਣ ਦੀ ਹਿੰਢ ਫੜੀ ਹੋਈ ਹੈ। ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਨੂੰਨ ਵਾਪਸ ਲਏ ਜਾਣ, ਐੱਮਐੱਸਪੀ ’ਤੇ ਦੇਸ਼ ਵਿਆਪੀ ਕਾਨੂੰਨ ਬਣਾਇਆ ਜਾਵੇ, ਜੇਲ੍ਹ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਝੂਠੇ ਪੁਲੀਸ ਕੇਸ ਖਾਰਜ ਕੀਤੇ ਜਾਣ। ਇਸ ਮੌਕੇ ਤੇਜ ਸਿੰਘ, ਬਾਬਾ ਬੋਹੜ ਸਿੰਘ, ਮੱਖਣ ਸਿੰਘ ਉੱਡਤ, ਕ੍ਰਿਸ਼ਨ ਜੋਗਾ, ਬਲਵਿੰਦਰ ਨੇ ਵੀ ਸੰਬੋਧਨ ਕੀਤਾ।
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਮਹਿਲ ਕਲਾਂ ਵਿੱਚ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਟੌਲ ਪਲਾਜ਼ਾ ਅੱਗੇ ਪੱਕੇ ਮੋਰਚੇ ਦੌਰਾਨ ਅੱਜ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਮਲਕੀਤ ਸਿੰਘ, ਅਮਰਜੀਤ ਸਿੰਘ ਕੁੱਕੂ, ਗੁਰਮੇਲ ਠੁੱਲੀਵਾਲ, ਮਾਸਟਰ ਬਲਜਿੰਦਰ ਪ੍ਰਭੂ ਨੇ ਸੰਬੋਧਨ ਕੀਤਾ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਾਸਟਰ ਸੁਖਦੇਵ ਸਿੰਘ ਜਵੰਧਾ ਦੀ ਅਗਵਾਈ ਹੇਠ ਬਠਿੰਡਾ-ਚੰਡੀਗੜ੍ਹ ਹਾਈਵੇ ’ਤੇ ਰਿਲਾਇੰਸ ਪੰਪ ’ਤੇ ਲਗਾਏ ਧਰਨੇ ਵਿੱਚ ਕਿਸਾਨਾਂ, ਮਜ਼ਦੂਰਾਂ ਤੋਂ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੂਟਾ ਸਿੰਘ ਬਲੇ, ਪ੍ਰਿੰਸੀਪਲ ਰਾਜ ਕੁਮਾਰ, ਨਾਇਬ ਸਿੰਘ ਪਿੱਥੋ, ਸੁਖਮੰਦਰ ਸਿੰਘ ਨੇ ਸੰਬੋਧਨ ਕੀਤਾ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ ਮੋਰਚੇ ਜਾਰੀ ਰਹੇ। ਔਰਤਾਂ ਨੇ ਮੋਦੀ ਦੀ ਹੱਠਧਰਮੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂੂ ਮੋਠੂ ਸਿੰਘ, ਦਰਸ਼ਨ ਮਾਈਸਰਖਾਨਾ, ਬਲਜੀਤ ਪੂਹਲਾ, ਜਗਦੇਵ ਤਲਵੰਡੀ ਅਤੇ ਬਲਤੇਜ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਸਾਜ਼ਿਸ਼ੀ ਅੰਦਾਜ਼ ਛੱਡ ਕੇ ਖੇਤੀ ਕਾਨੂੰਨ ਰੱਦ ਕਰੇ।
ਬੁਢਲਾਡਾ (ਪੱਤਰ ਪ੍ਰੇਰਕ): ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ’ਤੇ 32 ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆ ਜਾ ਰਿਹਾ ਧਰਨਾ 132ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅੱਜ ਧਰਨੇ ਨੂੰ ਮਹਿੰਦਰ ਸਿੰਘ, ਬਬਲੀ ਅਟਵਾਲ, ਸਵਰਨਜੀਤ ਸਿੰਘ ਨੇ ਸੰਬੋਧਨ ਕੀਤਾ।
ਸਿਰਸਾ (ਪ੍ਰਭੂ ਦਿਆਲ): ਭਾਵਦੀਨ ਟੌਲ ਪਲਾਜ਼ੇ ’ਤੇ ਧਰਨਾ ਦੇ ਰਹੇ ਕਿਸਾਨ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ ਨੇ ਦੱਸਿਆ ਕਿ ਟੌਲ ਪਲਾਜ਼ੇ ਕਿਸਾਨਾਂ ਵੱਲੋਂ ਉਦੋਂ ਤੱਕ ਪਰਚੀ ਮੁਕਤ ਰੱਖੇ ਜਾਣਗੇ, ਜਦੋਂ ਤਕ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ। ਕਿਸਾਨ ਆਗੂ ਤਿਲਕ ਰਾਜ ਵਿਨਾਇਕ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਪ੍ਰਤੀ ਗੰਭੀਰ ਨਹੀਂ ਹੈ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅੱਜ ਪਿੰਡ ਵੈਦਵਾਲਾ ਤੋਂ ਕਿਸਾਨਾਂ ਦਾ ਇੱਕ ਜੱਥਾ ਦਿੱਲੀ ਲਈ ਰਵਾਨਾ ਹੋਇਆ।
ਕਿਸਾਨ ਮਹਾਂ-ਪੰਚਾਇਤ ’ਚ ਪੁੱਜਣ ਦੀ ਅਪੀਲ
ਬਰਨਾਲਾ (ਰਵਿੰਦਰ ਰਵੀ): ਬਰਨਾਲਾ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਧਰਨੇ ਦੇ 133ਵੇਂ ਦਿਨ ਅੱਜ ਵੱਖ ਵੱਖ ਸੂਬਿਆਂ ਵਿੱਚ ਹੋ ਰਹੀਆਂ ਕਿਸਾਨ ਮਹਾ ਪੰਚਾਇਤਾਂ ਦਾ ਮੁੱਦਾ ਭਾਰੂ ਰਿਹਾ। ਪੰਜਾਬ ਵਿੱਚ ਵੀ ਅਜਿਹੀ ਕਿਸਾਨ ਮਹਾਂ-ਪੰਚਾਇਤ 11 ਫਰਵਰੀ ਨੂੰ ਜਗਰਾਉਂ ਵਿੱਚ ਕੀਤੀ ਜਾ ਰਹੀ ਹੈ। ਅੱਜ ਧਰਨੇ ਨੂੰ ਗੁਰਦੇਵ ਸਿੰਘ ਮਾਂਗੇਵਾਲ, ਕਰਨੈਲ ਸਿੰਘ ਗਾਂਧੀ, ਨੇਕਦਰਸ਼ਨ ਸਿੰਘ, ਬਲਵੰਤ ਸਿੰਘ, ਗੁਲਾਬ ਸਿੰਘ ਗਿੱਲ, ਧਰਮਪਾਲ ਕੌਰ ਅਤੇ ਬਲਵੀਰ ਕੌਰ ਨੇ ਸੰਬੋਧਨ ਕੀਤਾ ਤੇ ਜਗਰਾਉਂ ਕਿਸਾਨ ਮਹਾਂ-ਪੰਚਾਇਤ ’ਚ ਪੁੱਜਣ ਦੀ ਅਪੀਲ ਕੀਤੀ। ਅੱਜ ਜਗਰੂਪ ਸਿੰਘ ਹਮੀਦੀ ਦੇ ਕਵੀਸ਼ਰੀ ਜਥੇ ਨੇ ਵੀਰ ਰਸੀ ਵਾਰਾਂ ਸੁਣਾਈਆਂ। ਨਰਿੰਦਰਪਾਲ ਸਿੰਗਲਾ ਤੇ ਗੁਲਾਬ ਸਿੰਘ ਨੇ ਕਵਿਤਾਵਾਂ ਸੁਣਾਈਆਂ।
ਕਿਸਾਨੀ ਸੰਘਰਸ਼ ਲਈ ਰਾਸ਼ਨ ਦੇ ਦੋ ਟਰਾਲੇ ਰਵਾਨਾ
ਬਾਘਾ ਪੁਰਾਣਾ (ਪੱਤਰ ਪ੍ਰੇਰਕ): ਦਿੱਲੀ ਅੰਦੋਲਨ ਲਈ ਮੁਗਲੂ ਪੱਤੀ ਦੀ ਕਿਸਾਨੀ ਸੰਘਰਸ਼ ਕਮੇਟੀ ਨੇ ਅੱਜ ਇੱਥੋਂ ਰਾਸ਼ਨ ਸਮੱਗਰੀ ਦੇ ਦੋ ਟਰਾਲੇ ਦਿੱਲੀ ਲਿਈ ਰਵਾਨਾ ਕੀਤੇ। ਰਾਸ਼ਨ ਸਮੱਗਰੀ ਦੇ ਟਰਾਲਿਆਂ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਪ੍ਰੀਤਮ ਸਿੰਘ ਬਰਾੜ, ਹਰਮੰਦਰ ਸਿੰਘ, ਚਮਕੌਰ ਸਿੰਘ, ਸਰਬਜੀਤ ਸਿੰਘ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਵੱਡਾ ਫ਼ਰਕ ਹੈ। ਜੱਸਾ ਸਿੰਘ, ਜਗਸੀਰ ਸਿੰਘ, ਗੁਰਿੰਦਰ ਸਿੰਘ, ਜਸਵੰਤ ਸਿੰਘ, ਇਕਬਾਲ ਸਿੰਘ, ਨੰਨੂੰ ਸਿੰਘ, ਜੱਗੀ ਸਿੰਘ, ਪ੍ਰਦੀਪ ਸਿੰਘ ਅਤੇ ਕੇਵਲ ਸਿੰਘ ਨੇ ਕਿਹਾ ਕਿ ਪੱਤੀ ਵਿੱਚੋਂ ਅੱਜ ਇਹ 18ਵਾਂ ਜਥਾ ਸੰਘਰਸ਼ ਦੀ ਹਮਾਇਤ ਲਈ ਰਾਸ਼ਨ ਸਮੇਤ ਰਵਾਨਾ ਹੋਇਆ ਹੈ।