ਨਵਕਿਰਨ ਸਿੰਘ
ਮਹਿਲ ਕਲਾਂ, 4 ਮਈ
ਖੇਤੀ ਕਾਨੂੰਨਾਂ ਖਿਲਾਫ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਹੈ। ਅੱਜ ਪੱਕੇ ਕਿਸਾਨ ਧਰਨੇ ’ਤੇ ਲੜਾਂਗੇ ਸਾਥੀ ਥੀਏਟਰ ਗਰੁੱਪ ਵੱਲੋਂ ਨਾਟਕ ‘ਕੁਰਸੀ ਤੇ ਮੰਤਰੀ’ ਖੇਡਿਆ ਗਿਆ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸ਼ਮਸ਼ੇਰ ਸਿੰਘ ਹੁੰਦਲ, ਗੁਰਮੇਲ ਸਿੰਘ ਠੁੱਲੀਵਾਲ, ਮਲਕੀਤ ਸਿੰਘ ਮਹਿਲ ਕਲਾਂ, ਜਗਰਾਜ ਸਿੰਘ ਹਰਦਾਸਪੁਰਾ ਤੇ ਮਨਜੀਤ ਕੌਰ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦਾ ਟੁੱਟਿਆ ਗਰੂਰ ਕਿਸਾਨ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪੰਜ ਰਾਜਾਂ ਦੀਆਂ ਚੋਣਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸ਼ੀਸ਼ਾ ਵਿਖਾਇਆ ਹੈ ਕਿ ਦੇਸ਼ ਦਾ ਕਿਸਾਨ-ਮਜ਼ਦੂਰ, ਦੁਕਾਨਦਾਰ ਸਰਕਾਰ ਦੀਆਂ ਨੀਤੀਆਂ ਤੋਂ ਖਫਾ ਹੈ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਸਾਂਝਾ ਕਿਸਾਨ ਮੋਰਚਾ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸੰਘਰਸ਼ ਇੱਥੋਂ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਲਗਾਤਾਰ ਜਾਰੀ ਹੈ, ਜਿਸ ਵਿੱਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਅੱਜ ਦੇ ਬੁਲਾਰਿਆਂ ਵਿੱਚ ਮਾਸਟਰ ਗੁਰਦੀਪ ਸਿੰਘ ਮੰਡੇਰ, ਸੁਖਵੀਰ ਸਿੰਘ, ਰਾਮਫਲ ਬਹਾਦਰਪੁਰ, ਦਸੌਂਦਾ ਸਿੰਘ ਬਹਾਦਰਪੁਰ, ਛੱਜੂ ਸਿੰਘ ਬਰੇਟਾ ਸ਼ਾਮਲ ਸਨ।
ਕਣਕ ਦੀ ਖਰੀਦ ਮਈ ਦੇ ਅੰਤ ਤੱਕ ਜਾਰੀ ਰੱਖਣ ਦੀ ਮੰਗ
ਬਰਨਾਲਾ (ਪਰਸ਼ੋਤਮ ਬੱਲੀ): ਇਥੋਂ ਦੇ ਰੇਲਵੇ ਸਟੇਸ਼ਨ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ 7 ਮਹੀਨਿਆਂ ਦੇ ਵੱਧ ਸਮੇਂ ਤੋਂ ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਡਟੇ ਕਿਸਾਨਾਂ ਦਾ ਜੋਸ਼ ਤੇ ਹੌਸਲਾ ਬਰਕਰਾਰ ਹੈ ਬਲਕਿ ਉਹ ਲਮੇਰੇ ਘੋਲ ਦੀ ਠਾਣੀ ਬੈਠੇ ਹਨ| ਇਹ ਇਸ਼ਾਰਾ ਲੰਘੇ ਦਿਨ ਧਰਨਾ ਸਥਾਨ ‘ਤੇ ਲਗਾਏ ਕਰੀਬ 15 ਕੂਲਰਾਂ ਤੋਂ ਵੀ ਮਿਲਦਾ ਹੈ| ਅੱਜ ਦੇ ਬੁਲਾਰਿਆਂ ‘ਚ ਸ਼ਾਮਲ ਕਰਨੈਲ ਸਿੰਘ ਗਾਂਧੀ, ਗੁੁਰਨਾਮ ਸਿੰਘ ਠੀਕਰੀਵਾਲਾ, ਨਛੱਤਰ ਸਿੰਘ ਸਾਹੌਰ ਨੇ ਕਿਹਾ ਕਿ ਉਹ ਲੰਬੇ ਘੋਲ ਲਈ ਤਿਆਰ ਹਨ| ਇਸ ਦੌਰਾਨ ਬੁੁਲਾਰਿਆਂ ਨੇ ਕਣਕ ਦੀ ਸਰਕਾਰੀ ਖਰੀਦ ਬੰਦ ਕਰਨ ਦੇ ਫੈਸਲੇ ਨੂੰ ਵੀ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਬਰਾਬਰ ਦੱਸਿਆ | ਕਣਕ ਦੀ ਸਰਕਾਰੀ ਖਰੀਦ ਮਈ ਮਹੀਨੇ ਦੇ ਅੰਤ ਤੱਕ ਜਾਰੀ ਰੱਖਣ ਦੀ ਮੰਗ ਕੀਤੀ।